ਨਵੀਂ ਦਿੱਲੀ: ਦੇਸ਼ ’ਚ ਕੋਰੋਨਾ ਮਹਾਮਾਰੀ ਦਾ ਖ਼ਤਰਾ ਹਾਲੇ ਖ਼ਤਮ ਨਹੀਂ ਹੋਇਆ। ਕਈ ਸੂਬਿਆਂ ’ਚ ਕੋਰੋਨਾ ਦੇ ਮਾਮਲਿਆਂ ਵਿੱਚ ਗਿਰਾਵਟ ਵੇਖੀ ਜਾ ਸਕਦੀ ਹੈ ਪਰ ਕੁਝ ਰਾਜਾਂ ਵਿੱਚ ਇਸ ਮਹਾਮਾਰੀ ਦਾ ਸੰਕਟ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਿਛਲੇ 90 ਵਿਅਕਤੀਆਂ ਨੂੰ ਆਪਣੀ ਜਾਨ ਇਸੇ ਵਾਇਰਸ ਕਾਰਨ ਗੁਆਉਣੀ ਪਈ ਹੈ। ਚੰਗੀ ਗੱਲ ਇਹ ਹੈ ਕਿ 22 ਸੂਬਿਆਂ ਵਿੱਚ ਕੋਰੋਨਾ ਨਾਲ ਇੱਕ ਵੀ ਮੌਤ ਨਹੀਂ ਹੋਈ। ਫਿਰ ਵੀ ਮਹਾਰਾਸ਼ਟਰ, ਕੇਰਲ, ਪੰਜਾਬ, ਮੱਧ ਪ੍ਰਦੇਸ਼, ਛੱਤੀਸਗੜ੍ਹ ਜਿਹੇ ਰਾਜਾਂ ਵਿੱਚ ਕੋਵਿਡ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ

 

ਬੀਤੇ ਦਿਨੀਂ ਮਹਾਰਾਸ਼ਟਰ ’ਚ ਸਭ ਤੋਂ ਵੱਧ 40 ਮੌਤਾਂ ਹੋਈਆਂ ਹਨ। ਸਰਗਰਮ ਕੇਸਾਂ ਦੀ ਗਿਣਤੀ ਵਿੱਚ ਵੀ 3,674 ਦਾ ਵਾਧਾ ਹੋਇਆ ਹੈ। ਸਭ ਤੋਂ ਵੱਧ 13 ਮੌਤਾਂ ਕੇਰਲ ’ਚ ਹੋਈਆਂ ਹਨ। ਉਂਝ ਕੇਰਲ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ ਵਿੱਚ 1,204 ਦੀ ਕਮੀ ਹੋਈ ਹੈ। ਇਸ ਤੋਂ ਇਲਾਵਾ ਪੰਜਾਬ ’ਚ 8, ਤਾਮਿਲਨਾਡੂ ਵਿੱਚ 6, ਕਰਨਾਟਕ ’ਚ 5 ਅਤੇ ਬੰਗਾਲ ’ਚ 4 ਰੋਗੀਆਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ।

 

ਬੀਤੇ ਦਿਨੀਂ 22 ਰਾਜਾਂ ਵਿੱਚ ਕੋਰੋਨਾ ਨਾਲ ਇੱਕ ਵੀ ਵਿਅਕਤੀ ਦੀ ਮੌਤ ਨਹੀਂ ਹੋਈ ਹੈ। ਇਹ 22 ਰਾਜ ਹਨ- ਅੰਡੇਮਾਨ ਤੇ ਨਿਕੋਬਾਰ, ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਆਸਾਮ, ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਦੀਊ, ਗੋਆ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਝਾਰਖੰਡ, ਲੱਦਾਖ, ਲਕਸ਼ਦਵੀਪ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਓੜੀਸ਼ਾ, ਪੁੱਡੂਚੇਰੀ, ਸਿੱਕਿਮ, ਤ੍ਰਿਪੁਰਾ, ਉਤਰਾਖੰਡ।

 

ਦੇਸ਼ ਵਿੱਚ ਕੋਵਿਡ-19 ਦੇ 14,264 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੁਣ ਤੱਕ ਛੂਤਗ੍ਰਸਤ ਹੋਏ ਲੋਕਾਂ ਦੀ ਕੁੱਲ ਗਿਣਤੀ ਵਧ ਕੇ 1 ਕਰੋੜ 9 ਲੱਖ 91 ਹਜ਼ਾਰ 651 ਹੋ ਗਈ ਹੈ। ਕੱਲ੍ਹ 90 ਹੋਰ ਮੌਤਾਂ ਹੋਣ ਨਾਲ ਦੇਸ਼ ਵਿੱਚ ਇਸ ਮਹਾਮਾਰੀ ਕਾਰਣ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1 ਲੱਖ 56 ਹਜ਼ਾਰ 302 ਹੋ ਗਈ ਹੈ।