ਚੰਡੀਗੜ੍ਹ: ਕੋਰੋਨਾਵਾਇਰਸ (Coronavirus) ਮਹਾਮਾਰੀ ਕਰਕੇ ਪੰਜਾਬ (Punjab) ‘ਚ 15ਵੀਂ ਮੌਤ ਹੋ ਗਈ। ਇਸ ਦੇ ਨਾਲ ਹੀ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੀ 200 ਨੂੰ ਪਾਰ ਕਰ ਗਈ ਹੈ। ਸ਼ੁੱਕਰਵਾਰ ਨੂੰ ਲੁਧਿਆਣਾ ‘ਚ ਤਿੰਨ ਅਤੇ ਜਲੰਧਰ ‘ਚ ਚਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ, ਰਾਜ ਵਿੱਚ ਸੰਕਰਮਿਤ ਦੀ ਗਿਣਤੀ 213 ਹੋ ਗਈ। ਇਨ੍ਹਾਂ ਚੋਂ 15 ਦੀ ਮੌਤ ਹੋ ਚੁੱਕੀ ਹੈ।


ਡੀਐਮਸੀ ਲੁਧਿਆਣਾ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਕਾਨੂੰਗੋ ਦੀ ਮੌਤ ਹੋ ਗਈ। 58 ਸਾਲਾ ਕਾਨੂੰਗੋ ਦੀ ਸਿਹਤ ਵਿਗੜਨ ਤੋਂ ਬਾਅਦ 14 ਅਪਰੈਲ ਨੂੰ ਡੀਐਮਸੀ ‘ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਸੀ। ਵੀਰਵਾਰ ਰਾਤ ਉਸਦੀ ਰਿਪੋਰਟ ਪੌਜ਼ੇਟਿਵ ਪਾਈ ਗਈ। ਡੀਐਮਸੀ ‘ਚ ਸ਼ੁੱਕਰਵਾਰ ਦੁਪਹਿਰ ਨੂੰ ਉਸਦੀ ਮੌਤ ਹੋ ਗਈ। ਉਸ ਦੀ ਕੋਈ ਟ੍ਰੈਵਲ ਹਿਸਟ੍ਰੀ ਨਹੀਂ ਸੀ। ਸਿਹਤ ਵਿਭਾਗ ਨੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਕੁਆਰੰਟਿਨ ਕੀਤਾ ਤੇ ਉਨ੍ਹਾਂ ਨੂੰ ਜਾਂਚ ਲਈ ਭੇਜਿਆ ਹੈ।

ਸ਼ੁੱਕਰਵਾਰ ਨੂੰ ਜ਼ਿਲ੍ਹੇ ‘ਚ ਕੋਰੋਨਾ ਦੇ ਚਾਰ ਸੰਕਰਮਿਤ ਮਾਮਲੇ ਸਾਹਮਣੇ ਆਏ ਹਨ। ਸਾਰੇ ਚਾਰੇ ਸੰਕਰਮਿਤ ਏਸੀਪੀ ਨਾਰਥ ਨਾਲ ਸੰਪਰਕ ਵਿੱਚ ਹਨ। ਇਸ ‘ਚ ਏਸੀਪੀ ਦੀ ਪਤਨੀ ਥਾਣਾ ਜੋਧੇਵਾਲ ਇੰਚਾਰਜ, ਇੱਕ ਕਾਂਸਟੇਬਲ ਅਤੇ ਜ਼ਿਲ੍ਹਾ ਮੰਡੀ ਅਧਿਕਾਰੀ ਸ਼ਾਮਲ ਹਨ। ਜ਼ਿਲ੍ਹਾ ਮੰਡੀ ਦੇ ਅਧਿਕਾਰੀ ਕੁਝ ਦਿਨ ਪਹਿਲਾਂ ਸਬਜ਼ੀ ਮੰਡੀ ਵਿਖੇ ਭੀੜ ਦੇ ਝਗੜੇ ਦੌਰਾਨ ਸੰਕਰਮਿਤ ਏਸੀਪੀ ਦੇ ਸੰਪਰਕ ਵਿੱਚ ਆਈ ਸੀ। ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 16 ਹੋ ਗਈ ਹੈ ਤੇ ਇਨ੍ਹਾਂ ਚੋਂ ਤਿੰਨ ਦੀ ਮੌਤ ਹੋ ਗਈ ਹੈ।

ਸੂਬੇ ਦੇ ਸ਼ਾਮ ਦੀ ਸਿਹਤ ਸਬੰਧੀ ਬੁਲੇਟਿਨ ਤੋਂ ਪਤਾ ਚੱਲਿਆ ਕਿ ਲੁਧਿਆਣਾ, ਜਲੰਧਰ, ਫਿਰੋਜ਼ਪੁਰ ਅਤੇ ਪਟਿਆਲਾ ‘ਚ ਕੋਰੋਨਵਾਇਰਸ ਦੇ ਨਵੇਂ ਕੇਸ ਸਾਹਮਣੇ ਆਏ। ਫਿਰੋਜ਼ਪੁਰ ਨੇ ਸ਼ੁੱਕਰਵਾਰ ਨੂੰ ਆਪਣੇ ਪਹਿਲੇ ਕੋਰੋਨਵਾਇਰਸ ਮਾਮਲੇ ਦੀ ਰਿਪੋਰਟ ਕੀਤੀ।