ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਖੰਨਾ ਪੁਲਿਸ ਵੱਲੋਂ ਇੱਕ ਪਿਤਾ ਅਤੇ ਉਸ ਦੇ ਨੌਜਵਾਨ ਪੁੱਤਰ ਨੂੰ ਨਿਰਵਸਤਰ ਕਰਕੇ ਜ਼ਲੀਲ ਕਰਨਾ ਅਤੇ ਤਸੀਹੇ ਦੇਣ ਨੂੰ ਪੂਰੀ ਤਰਾਂ ਅਣਮਨੁੱਖੀ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਾਲੀ ਕਰਤੂਤ ਦੱਸਿਆ।


ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਖੰਨਾ ਪੁਲਿਸ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਵੱਲੋਂ ਇੱਕ ਪਿਤਾ ਅਤੇ ਪੁੱਤਰ ਨਾਲ ਕੀਤੇ ਅਣਮਨੁੱਖੀ ਤਸ਼ੱਦਦ ਦੀਆਂ ਵਾਇਰਲ ਹੋਈਆਂ ਵੀਡੀਉਜ਼ ਨਾ ਕੇਵਲ ਦਿਲ ਦਹਿਲਾਉਂਦੀਆਂ ਹਨ ਸਗੋਂ ਪੁਲਿਸ ਦੀ ਖ਼ਾਕੀ ਵਰਦੀ ਨੂੰ ਸ਼ਰਮਸਾਰ ਕਰਦੀਆਂ ਹਨ।

ਹਰਪਾਲ ਸਿੰਘ ਚੀਮਾ ਨੇ ਇਸ ਮਾਮਲੇ ਦੀ ਉੱਚ-ਪੱਧਰੀ ਅਤੇ ਸਮਾਂਬੱਧ ਨਿਆਇਕ ਜਾਂਚ ਦੀ ਮੰਗ ਕਰਦੇ ਹੋਏ ਦੋਸ਼ੀ ਪੁਲਿਸ ਅਫ਼ਸਰਾਂ ਅਤੇ ਮੁਲਾਜ਼ਮਾਂ ਨੂੰ ਬਰਖ਼ਾਸਤ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਦੋਸ਼ੀ ਪੁਲਿਸ ਮੁਲਾਜ਼ਮਾਂ 'ਤੇ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਮਿਸਾਲੀਆ ਸਜਾ ਜ਼ਰੂਰੀ ਹੈ ਤਾਂ ਕਿ ਕਾਨੂੰਨ ਦੇ ਰਖਵਾਲੇ ਖ਼ਾਕੀ ਵਰਦੀ ਦੀ ਆੜ ਥੱਲੇ ਭਵਿੱਖ 'ਚ ਅਜਿਹੀ ਕਰਤੂਤ ਕਰਨ ਦੀ ਹਿੰਮਤ ਨਾ ਜੁਟਾ ਸਕਣ।

ਚੀਮਾ ਨੇ ਕਿਹਾ ਕਿ ਕੋਰੋਨਾ ਵਾਇਰਸ ਵਿਰੁੱਧ ਪਹਿਲੀ ਕਤਾਰ 'ਚ ਖੜ ਕੇ ਲੜਾਈ ਲੜ ਰਹੇ ਪੁਲਿਸ ਪ੍ਰਸ਼ਾਸਨ ਲਈ ਆਮ ਲੋਕਾਂ ਦੀਆਂ ਨਜ਼ਰਾਂ 'ਚ ਵਧੇ ਮਾਣ ਸਨਮਾਨ ਨੂੰ ਖੰਨਾ ਦੀ ਇਸ ਘਟਨਾ ਨੇ ਗਹਿਰੀ ਸੱਟ ਮਾਰੀ ਹੈ। ਇਸ ਲਈ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜਾ ਦਿੱਤੀ ਜਾਵੇ।