ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਭਾਰਤ 'ਚ ਸਿਖਰ 'ਤੇ ਹੈ। ਲਗਾਤਾਰ ਵੱਧ ਰਹੇ ਅੰਕੜਿਆਂ ਕਾਰਨ ਹੁਣ ਕੇਂਦਰ ਸਰਕਾਰ ਨੇ ਮਹੱਤਵਪੂਰਨ ਕਦਮ ਚੁੱਕੇ ਹਨ। ਸੋਮਵਾਰ ਨੂੰ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਰੋਨਾ ਦੇ ਹੌਟਸਪੌਟ ਵਾਲੀਆਂ ਥਾਵਾਂ 'ਤੇ ਪਾਬੰਦੀ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਮਤਲਬ ਤੈਅ ਮਾਪਦੰਡ ਦੇ ਅਧਾਰ 'ਤੇ ਪਛਾਣੇ ਗਏ ਖ਼ਾਸ ਜ਼ਿਲ੍ਹਿਆਂ ਤੇ ਖੇਤਰਾਂ 'ਚ ਆਮ ਲੋਕਾਂ ਦੀਆਂ ਗਤੀਵਿਧੀਆਂ ਬੰਦ ਕੀਤੀਆਂ ਜਾਣਗੀਆਂ। ਸਰਕਾਰ ਵੱਲੋਂ ਇਹ ਫ਼ੈਸਲਾ ਵੱਧ ਰਹੇ ਕੋਵਿਡ ਮਰੀਜ਼ਾਂ ਦੇ ਅੰਕੜਿਆਂ ਨੂੰ ਘਟਾਉਣ ਲਈ ਲਿਆ ਗਿਆ ਹੈ। ਇਸ ਨਾਲ ਕੋਵਿਡ ਦੀ ਲੜੀ ਨੂੰ ਤੋੜਿਆ ਜਾ ਸਕਦਾ ਹੈ ਤੇ ਅੰਕੜੇ ਘਟਾਏ ਜਾਣਗੇ।
ਸੂਬਿਆਂ ਦੇ ਮੁੱਖ ਸਕੱਤਰਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਬੰਧਕਾਂ ਨੂੰ ਲਿਖੀ ਚਿੱਠੀ 'ਚ ਗ੍ਰਹਿ ਸਕੱਤਰ ਅਜੈ ਭੱਲਾ ਨੇ ਕਿਹਾ ਕਿ ਜ਼ਿਲ੍ਹਾਂ ਅਧਿਕਾਰੀਆਂ ਨੂੰ ਹੌਟਸਪੌਟ ਇਲਾਕਿਆਂ 'ਚ ਪਾਬੰਦੀ ਲਗਾਉਣ ਦੀ ਰਣਨੀਤੀ ਤਿਆਰ ਕਰਨ ਲਈ ਕਾਫ਼ੀ ਸੰਵੇਦਨਸ਼ੀਲਤਾ ਵਰਤਣੀ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸੂਬਿਆਂ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਜਾਰੀ ਕੀਤੀਆਂ ਪਾਬੰਦੀਆਂ ਨੂੰ ਜਨਤਕ ਤੌਰ 'ਤੇ ਪ੍ਰਸਾਰਿਤ ਕੀਤਾ ਜਾਣਾ ਚਾਹੀਦਾ ਹੈ।
ਕੋਵਿਡ ਹੌਟਸਪੌਟ 'ਤੇ ਲੱਗੇਗੀ ਰੋਕ?
ਜਾਣਕਾਰੀ ਅਨੁਸਾਰ ਅਜੈ ਭੱਲਾ ਨੇ ਦੱਸਿਆ ਕਿ ਕੁਝ ਦਿਨਾਂ 'ਚ ਕੋਵਿਡ ਦੇ ਮਰੀਜ਼ਾਂ ਦੇ ਅੰਕੜੇ ਤੇਜ਼ੀ ਨਾਲ ਵੱਧੇ ਹਨ। ਇਸ ਲਈ ਹਾਲਾਤ ਨੂੰ ਧਿਆਨ 'ਚ ਰੱਖਦਿਆਂ ਇਸ ਬਿਮਾਰੀ 'ਤੇ ਕਾਬੂ ਪਾਉਣ ਲਈ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਖ਼ਤ ਕੋਵਿਡ ਪ੍ਰਬੰਧਨ ਤੇ ਕੋਰੋਨਾ ਮਾਮਲਿਆਂ 'ਤੇ ਵਾਧੇ ਵਾਲੇ ਖੇਤਰਾਂ 'ਤੇ ਕਾਬੂ ਪਾਉਣ ਲਈ ਵਿਚਾਰ ਕਰਨ ਦੀ ਲੋੜ ਹੈ।
ਸਿਹਤ ਮੰਤਰਾਲੇ ਨੇ ਦਿੱਤੀ ਸਲਾਹ
ਅਜੈ ਭੱਲਾ ਨੇ ਕਿਹਾ ਕਿ ਸਿਹਤ ਮੰਤਰਾਲੇ ਨੇ ਸੂਬਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਉਹ ਤੈਅ ਨਿਯਮਾਂ ਦੇ ਅਧਾਰ 'ਤੇ ਨਿਸ਼ਚਿਤ ਕੀਤੇ ਗਏ ਖ਼ਾਸ ਜ਼ਿਲ੍ਹਿਆਂ, ਸ਼ਹਿਰਾਂ ਤੇ ਖੇਤਰਾਂ 'ਤੇ ਧਿਆਨ ਕੇਂਦਰਿਤ ਕਰਦਿਆਂ ਇਕ ਵਧੀਆ, ਸਥਾਨਕ ਅਤੇ ਕੇਂਦ੍ਰਿਤ ਕੰਟਰੋਲ ਫ਼ਰੇਮਵਰਕ ਨੂੰ ਲਾਗੂ ਕਰਨ।