ਨਵੀਂ ਦਿੱਲੀ: ਦੇਸ਼ 'ਚ ਹੁਣ ਤੱਕ ਕੋਰੋਨਵਾਇਰਸ ਨਾਲ ਸੰਕਰਮਣ ਦੇ 13 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ ਆਗਰਾ ਵਿੱਚ 6, ਤੇਲੰਗਾਨਾ ਤੇ ਦਿੱਲੀ ਵਿੱਚ 1-1, ਜੈਪੁਰ ਵਿੱਚ ਇਟਲੀ ਦੇ 2 ਨਾਗਰਿਕ ਤੇ ਤਿੰਨ ਕੇਰਲ ਵਿੱਚ ਸੰਕਰਮਣ ਦੀ ਪੁਸ਼ਟੀ ਹੋਈ ਹੈ।


ਦੂਜੇ ਪਾਸੇ, ਸਾਵਧਾਨੀ ਦੇ ਤੌਰ 'ਤੇ ਐਨਸੀਆਰ ਦੇ 5 ਸਕੂਲ ਮੰਗਲਵਾਰ ਤੋਂ ਬੰਦ ਕੀਤੇ ਗਏ ਹਨ। ਦਿੱਲੀ ਸਰਕਾਰ 3.5 ਲੱਖ ਐਨ 95 ਮਾਸਕ ਦਾ ਪ੍ਰਬੰਧ ਕਰ ਰਹੀ ਹੈ। ਮੰਗਲਵਾਰ ਨੂੰ ਨੋਇਡਾ ਦੇ ਸ਼੍ਰੀਰਾਮ ਮਿਲਨੀਅਮ ਸਕੂਲ ਦੇ ਦੋ ਵਿਦਿਆਰਥੀਆਂ 'ਚ ਸੰਕਰਮਣ ਦੀ ਪੁਸ਼ਟੀ ਕੀਤੀ ਗਈ ਸੀ।

ਇਸ ਤੋਂ ਬਾਅਦ ਗੌਤਮ ਬੁੱਧ ਨਗਰ ਦੇ ਮੁੱਖ ਮੈਡੀਕਲ ਅਫਸਰ ਅਨੁਰਾਗ ਭਾਰਗਵ ਦੀ ਸਲਾਹ ਤੋਂ ਬਾਅਦ ਸਕੂਲ ਸ਼ੁੱਕਰਵਾਰ ਲਈ ਬੰਦ ਕਰ ਦਿੱਤਾ ਗਿਆ। ਦੋਵੇਂ ਸੰਕਰਮਿਤ ਵਿਦਿਆਰਥੀ ਦਿੱਲੀ ਦੇ ਵਸਨੀਕ ਸੀ। ਇਸ ਦੇ ਨਾਲ ਹੀ ਵਸੰਤ ਵਿਹਾਰ 'ਚ ਸਥਿਤ ਸ੍ਰੀ ਰਾਮ ਸਕੂਲ ਵੀਰਵਾਰ ਤੋਂ ਬੰਦ ਹੋ ਗਿਆ ਹੈ ਤੇ ਗੁੜਗਾਓਂ ਵਿੱਚ ਅਰਾਵਲੀ ਤੇ ਮਾਲਸਾਰੀ ਵਿੱਚ ਇਸ ਦਾ ਕੈਂਪਸ 9 ਮਾਰਚ ਤੋਂ ਬੰਦ ਕਰ ਦਿੱਤਾ ਗਿਆ ਹੈ।

ਸਕੂਲ ਪ੍ਰਬੰਧਕ ਨੇ ਦੱਸਿਆ ਕਿ ਇਸ ਵਾਰ ਗਰਮੀਆਂ ਦੀਆਂ ਛੁੱਟੀਆਂ ਪਹਿਲਾਂ ਹੀ ਦਿੱਤੀਆਂ ਜਾ ਚੁੱਕੀਆਂ ਹਨ। ਇਸ ਸਮੇਂ ਦੌਰਾਨ ਸਕੂਲ ਸਵੱਛ ਬਣਾਇਆ ਜਾਵੇਗਾ। ਕੋਰੋਨਾਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਲਗਪਗ 70 ਲੋਕਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਇਨ੍ਹਾਂ ਵਿੱਚ ਆਗਰਾ ਦੇ 6 ਲੋਕ ਤੇ ਜਨਮ ਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਏ 44 ਲੋਕ ਸ਼ਾਮਲ ਹਨ।

ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਮੰਗਲਵਾਰ ਨੂੰ ਕਿਹਾ, "ਸਰਕਾਰ ਸ਼ਹਿਰ ਨੂੰ ਸਾਫ ਕਰਨ ਲਈ ਸਾਰੇ ਢੁਕਵੇਂ ਕਦਮ ਚੁੱਕ ਰਹੀ ਹੈ। 25 ਸਰਕਾਰੀ ਹਸਪਤਾਲਾਂ ਵਿੱਚ ਵੱਖ-ਵੱਖ ਵਾਰਡ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿੱਚ 19 ਸਰਕਾਰੀ ਤੇ ਛੇ ਨਿੱਜੀ ਹਸਪਤਾਲ ਸ਼ਾਮਲ ਹਨ।”