ਨਵੀਂ ਦਿੱਲੀ: ਦਿੱਲੀ ਦੀ ਕੜਕੜਡੂਮਾ ਅਦਾਲਤ ਆਮ ਆਦਮੀ ਪਾਰਟੀ ਤੋਂ ਬਾਹਰ ਕੱਢੇ ਗਏ ਕੌਂਸਲਰ ਤਾਹਿਰ ਹੁਸੈਨ ਦੇ ਕੇਸ ਦੀ ਮੁੜ ਸੁਣਵਾਈ ਕਰੇਗੀ। ਤਾਹਿਰ ਹੁਸੈਨ ਨੇ ਦਿੱਲੀ ਹਿੰਸਾ ਵਿੱਚ ਉਸ ਦੇ ਨਾਂ ਆਉਣ ਤੋਂ ਬਾਅਦ ਕੜਕੜਡੂਮਾ ਕੋਰਟ 'ਚ ਅਗਾਉਂ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ। ਅਦਾਲਤ ਨੇ ਅੱਜ ਇਸ ਮਾਮਲੇ ਵਿੱਚ ਸੁਣਵਾਈ ਕੀਤੀ। ਅਦਾਲਤ ਨੇ ਹੁਣ ਕੱਲ੍ਹ ਲਈ ਤਰੀਕ ਦਿੱਤੀ ਹੈ। ਅਦਾਲਤ ਨੇ ਐਸਆਈਟੀ ਦੇ ਆਈਓ ਨੂੰ ਕੇਸ ਫਾਈਲ ਲੈ ਕੇ ਆਉਣ ਲਈ ਕਿਹਾ ਹੈ।


ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਕਿਹਾ ਕਿ ਇਹ ਮਾਮਲਾ ਐਸਆਈਟੀ ਨੂੰ ਤਬਦੀਲ ਕਰ ਦਿੱਤਾ ਗਿਆ ਹੈ, ਇਸ ਲਈ ਅਗਲੀ ਤਰੀਕ ਲਗਾਈ ਜਾਵੇ। ਤਾਹਿਰ ਦੇ ਵਕੀਲ ਮੁਕੇਸ਼ ਕਾਲੀਆ ਨੇ ਕਿਹਾ ਕਿ ਜੇ ਮਾਮਲਾ ਐਸਆਈਟੀ ਕੋਲ ਚਲਾ ਗਿਆ ਹੈ ਤਾਂ ਇਸ ਨੂੰ ਦੁਪਹਿਰ ਦੋ ਵਜੇ ਤੱਕ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ।

ਤਾਹਿਰ ਹੁਸੈਨ ਵਿਰੁੱਧ ਹਿੰਸਾ 'ਚ ਮਾਰੇ ਗਏ ਆਈਬੀ ਅਧਿਕਾਰੀ ਅੰਕਿਤ ਸ਼ਰਮਾ ਦੇ ਪਿਤਾ ਨੇ ਉਸ 'ਤੇ ਕਤਲ ਦਾ ਇਲਜ਼ਾਮ ਲਾਇਆ ਹੈ। ਇਸ ਦੇ ਨਾਲ ਹੀ ਉਸ 'ਤੇ ਹਿੰਸਾ ਕਰਨ ਦਾ ਵੀ ਦੋਸ਼ ਹੈ। ਇਸ ਤੋਂ ਬਾਅਦ ਉਸ ਖਿਲਾਫ ਐਫਆਈਆਰ ਦਰਜ ਕੀਤੀ ਗਈ। ਇਲਜ਼ਾਮ ਹੈ ਕਿ ਅੰਕਿਤ ਸ਼ਰਮਾ ਨੂੰ ਤਾਹਿਰ ਹੁਸੈਨ ਦੇ ਘਰ ਅੰਦਰ ਲਿਜਾ ਕੇ ਮਾਰਿਆ ਗਿਆ।

ਅੰਕਿਤ ਸ਼ਰਮਾ ਦੀ ਪੋਸਟ ਮਾਰਟਮ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਉਸ ਦੇ ਸਰੀਰ 'ਤੇ 400 ਵਾਰ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ। ਪੁਲਿਸ ਨੇ ਤਾਹਿਰ ਹੁਸੈਨ ਖ਼ਿਲਾਫ਼ ਧਾਰਾ 302 (ਕਤਲ), ਧਾਰਾ 365 (ਅਗਵਾ), ਧਾਰਾ 201 (ਸਬੂਤਾਂ ਨੂੰ ਖ਼ਤਮ) ਤੇ ਧਾਰਾ 34 (ਸਾਂਝੇ ਇਰਾਦੇ) ਤਹਿਤ ਕੇਸ ਦਰਜ ਕੀਤਾ ਹੈ। 27 ਫਰਵਰੀ ਨੂੰ ਤਾਹਿਰ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ, ਉਦੋਂ ਤੋਂ ਉਹ ਫਰਾਰ ਹੈ।

ਹਿੰਸਾ ਦੇ ਦੋਸ਼ਾਂ 'ਤੇ ਤਾਹਿਰ ਹੁਸੈਨ ਨੇ ਸਪੱਸ਼ਟ ਕੀਤਾ ਸੀ ਕਿ ਉਸਨੂੰ ਫਸਾਇਆ ਜਾ ਰਿਹਾ ਸੀ ਅਤੇ ਉਸਦੀ ਜਾਨ ਨੂੰ ਖ਼ਤਰਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਨੂੰ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ। ਤਾਹਿਰ ਨੇ ਪੁਲਿਸ ਜਾਂਚ 'ਚ ਸਹਿਯੋਗ ਕਰਨ ਲਈ ਕਿਹਾ ਸੀ ਪਰ ਐਫਆਈਆਰ ਦਰਜ ਹੋਣ ਤੋਂ ਬਾਅਦ ਤੋਂ ਉਹ ਫਰਾਰ ਹੈ।