ਚੰਡੀਗੜ੍ਹ: ਦੁਨੀਆ ‘ਚ ਕੋਰੋਨਾਵਾਇਰਸ ਦੀ ਮਹਾਮਾਰੀ ਨੇ ਹਰ ਇੱਕ ਨੂੰ ਨਵੇਂ ਸਿਰੇ ਤੋਂ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਮੈਡੀਕਲ ਜਗਤ ਵੀ ਇਸ ਦਾ ਇਲਾਜ ਲੱਭਣ ‘ਚ ਜੁਟਿਆ ਹੋਇਆ ਹੈ। ਉੱਥੇ ਹੀ ਬਿੱਲ ਗੇਟਸ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਨੇ ਭੁੱਲੇ ਹੋਏ ਸਬਕ ਨੂੰ ਯਾਦ ਕਰਵਾਇਆ ਹੈ। ਅਜਿਹੇ ‘ਚ ਇਹ ਸਾਡੇ ‘ਤੇ ਹੈ ਕਿ ਅਸੀਂ ਇਸ ਨੂੰ ਯਾਦ ਰੱਖਦੇ ਹਾਂ ਜਾਂ ਭੁੱਲ ਜਾਂਦੇ ਹਾਂ।

ਉਨ੍ਹਾਂ ਕਿਹਾ ਕਿ ਹਰ ਘਟਨਾ ਪਿੱਛੇ ਇੱਕ ਉਦੇਸ਼ ਹੁੰਦਾ ਹੈ। ਹੁਣ ਇਹ ਸਾਡੇ ‘ਤੇ ਹੈ ਕਿ ਇਸ ਨੂੰ ਅਸੀਂ ਚੰਗਾ ਜਾਂ ਬੁਰਾ ਸਮਝਦੇ ਹਾਂ। ਬਿੱਲ ਦਾ ਕਹਿਣਾ ਹੈ ਕਿ ਮਹਾਮਾਰੀ ਨੇ ਸਾਨੂੰ ਦੱਸਿਆ ਹੈ ਕਿ ਅਸੀਂ ਸਾਰੇ ਬਰਾਬਰ ਹਾਂ। ਅਸੀਂ ਸਾਰੇ ਇੱਕ-ਦੂਸਰੇ ਨਾਲ ਜੁੜੇ ਹੋਏ ਹਾਂ। ਭਾਵੇਂ ਅਸੀਂ ਕਿਸੇ ਵੀ ਧਰਮ ਨੂੰ ਮੰਨਦੇ ਹੋਈਏ ਜਾਂ ਸਾਡਾ ਪੇਸ਼ਾ ਕੁਝ ਵੀ ਹੋਵੇ।

ਅਸੀਂ ਕਿਸੇ ਵੀ ਮੁਲਕ ਦੇ ਰਹਿਣ ਵਾਲੇ ਹੋਈਏ ਪਰ ਅਸੀਂ ਸਾਰੇ ਇੱਕ-ਦੂਸਰੇ ਤੋਂ ਪ੍ਰਭਾਵਿਤ ਹੁੰਦੇ ਹਾਂ। ਮੁਲਕ ਦੀਆਂ ਸਰਹੱਦਾਂ ‘ਤੇ ਅਸੀਂ ਝੂਠੀਆਂ ਰੁਕਾਵਟਾਂ ਖੜ੍ਹੀਆਂ ਕਰ ਦਿੱਤੀਆਂ ਹੋਣ ਪਰ ਇਸ ਵਾਇਰਸ ਨੂੰ ਪਛਾਨਣ ਲਈ ਪਾਸਪੋਰਟ ਦੀ ਜ਼ਰੂਰਤ ਨਹੀਂ। ਗੇਟਸ ਨੇ ਅੱਗੇ ਕਿਹਾ ਕਿ ਕੋਰੋਨਾਵਾਇਰਸ ਨੇ ਸਾਨੂੰ ਜਾਗਰੂਕ ਕਰ ਦਿੱਤਾ ਹੈ ਕਿ ਸਾਡੀ ਸਿਹਤ ਕਿੰਨੀ ਕੀਮਤੀ ਹੈ। ਜੇਕਰ ਅਸੀਂ ਦੇਖਭਾਲ ਨਹੀਂ ਕਰਦੇ ਤਾਂ ਬਿਮਾਰ ਪੈਣਾ ਲਾਜ਼ਮੀ ਹੈ।

ਸੀਮਤ ਜ਼ਿੰਦਗੀ ‘ਚ ਸਭ ਤੋਂ ਜ਼ਰੂਰੀ ਹੈ ਕਿ ਇੱਕ-ਦੂਸਰੇ ਦੀ ਮਦਦ ਕਰੋ ਤੇ ਖਾਸਕਰ ਉਨ੍ਹਾਂ ਦਾ ਜੋ ਬਿਮਾਰ ਹਨ। ਅਸੀਂ ਭਾਵੇਂ ਜਿੰਨੇ ਮਰਜ਼ੀ ਭੌਤਿਕ ਕਿਉਂ ਨਾ ਹੋਈਏ, ਪਰ ਸਾਡਾ ਕੰਮ ਅਜਿਹਾ ਹੋਣਾ ਚਾਹੀਦਾ ਹੈ ਜੋ ਕਿਸੇ ਦੇ ਕੰਮ ਆ ਸਕੇ। ਸਾਨੂੰ ਆਪਣੇ ਹੰਕਾਰ ‘ਤੇ ਕਾਬੂ ਰੱਖਣਾ ਚਾਹੀਦਾ ਹੈ। ਹੁਣ ਸਮਾਂ ਆ ਗਿਆ ਹੈ ਕਿ ਆਪਣੀਆਂ ਗਲਤੀਆਂ ਤੋਂ ਸਿੱਖਿਆ ਜਾਵੇ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਮੁਸੀਬਤ ਤੋਂ ਬਾਅਦ ਆਸਾਨੀ ਆਉਂਦੀ ਹੈ। ਜੀਵਨ ਚੱਕਰ ਇਸੇ ਤਰ੍ਹਾਂ ਚੱਲਦਾ ਰਹਿੰਦਾ ਹੈ।