ਪਵਨਪ੍ਰੀਤ ਕੌਰ ਦੀ ਵਿਸ਼ੇਸ਼ ਰਿਪੋਰਟ
ਚੰਡੀਗੜ੍ਹ/ਨਵੀਂ ਦਿੱਲੀ: ਕੋਰੋਨਾਵਾਇਰਸ ਕਾਰਨ ਦੁਨੀਆ ਭਰ 'ਚ ਲੌਕਡਾਊਨ ਹੈ। ਫਿਲਹਾਲ ਅਜਿਹਾ ਲੱਗਦਾ ਹੈ ਕਿ ਜਿਵੇਂ ਦੁਨੀਆ ਰੁਕ ਗਈ ਹੋਵੇ। ਹਰ ਕੋਈ ਆਪਣੇ-ਆਪਣੇ ਘਰਾਂ ਵਿੱਚ ਰਹਿਣ ਲਈ ਮਜਬੂਰ ਹੈ। ਇਸ ਦੌਰਾਨ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਤਾਲਾਬੰਦੀ ਦੌਰਾਨ ਔਰਤਾਂ ਖਿਲਾਫ ਘਰੇਲੂ ਹਿੰਸਾ ਵਿੱਚ ਤੇਜ਼ੀ ਨਾਲ ਵਾਧਾ ਵੇਖਿਆ ਜਾ ਰਿਹਾ ਹੈ।


ਲੌਕਡਾਊਨ ਦੌਰਾਨ ਔਰਤਾਂ ਦਾ ਆਪਣਾ ਘਰ ਉਨ੍ਹਾਂ ਲਈ ਅਸੁਰੱਖਿਅਤ ਹੋ ਗਿਆ ਹੈ। ਇਸ ਦੀ ਪੁਸ਼ਟੀ ਖੁਦ ਸੰਯੁਕਤ ਰਾਸ਼ਟਰ ਦੇ ਸੱਕਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਤਾਲਾਬੰਦੀ ਕੋਰੋਨਾਵਾਇਰਸ ਨੂੰ ਹਰਾਉਣ ਲਈ ਹੈ, ਪਰ ਵੱਡੀ ਗਿਣਤੀ ਔਰਤਾਂ ਆਪਣੇ ਸਾਥੀ ਦੀ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਹਨ। ਔਰਤਾਂ 'ਤੇ ਘਰੇਲੂ ਹਿੰਸਾ ਦੇ ਮਾਮਲੇ ਪਿਛਲੇ ਕੁਝ ਹਫਤਿਆਂ ਵਿੱਚ ਤੇਜ਼ੀ ਨਾਲ ਵਧੇ ਹਨ। ਸੰਯੁਕਤ ਰਾਸ਼ਟਰ ਦੇ ਸੱਕਤਰ ਜਨਰਲ ਨੇ ਵਿਸ਼ਵ ਭਰ ਦੀਆਂ ਔਰਤਾਂ ਲਈ ਚਿੰਤਾ ਜ਼ਾਹਰ ਕੀਤੀ।

ਐਂਟੋਨੀਓ ਗੁਟੇਰੇਸ ਦਾ ਯੂਕੇ ਵਿੱਚ ਰਫਿਊਜੀਆਂ ਲਈ ਕੰਮ ਕਰ ਰਹੀ ਸੰਸਥਾ ਦੀ ਡਾਇਰੈਕਟਰ ਲੀਜ਼ਾ ਕਿੰਗ ਨੇ ਵੀ ਸਮਰਥਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਪਿਛਲੇ ਹਫ਼ਤੇ, ਖ਼ਾਸਕਰ ਸੋਮਵਾਰ ਤੋਂ ਸ਼ੁੱਕਰਵਾਰ ਤੱਕ, ਅਸੀਂ ਰਾਸ਼ਟਰੀ ਘਰੇਲੂ ਦੁਰਵਿਹਾਰ ਹੈਲਪਲਾਈਨ ਵਿੱਚ ਕਾਲਾਂ ਵਿੱਚ 25% ਵਾਧਾ ਵੇਖਿਆ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਅੱਗੇ ਕਿਹਾ ਕਿ ਘਰੇਲੂ ਸ਼ੋਸ਼ਣ ਇਸ ਦੇਸ਼ ਵਿੱਚ ਔਰਤਾਂ ਤੇ ਬੱਚਿਆਂ ਨੂੰ ਪ੍ਰਭਾਵਤ ਕਰਨ ਵਾਲਾ ਸਭ ਤੋਂ ਵੱਡਾ ਮੁੱਦਾ ਹੈ।

ਰੂਸ ‘ਚ ਵਧੇ ਘਰੇਲੂ ਹਿੰਸਾ ਦੇ ਮਾਮਲੇ:

ਬ੍ਰਿਟੇਨ ਤੋਂ ਇਲਾਵਾ, ਘਰੇਲੂ ਹਿੰਸਾ ਦੇ ਮਾਮਲੇ ਰੂਸ ਤੋਂ ਵੀ ਸਾਹਮਣੇ ਆਏ ਹਨ। ਐਂਟੋਨੀਓ ਗੁਟਾਰੈਸ ਨੇ ਵਿਸ਼ਵ ਭਰ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, "ਮੈਂ ਸਾਰੀਆਂ ਸਰਕਾਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਔਰਤਾਂ ਵਿਰੁੱਧ ਹਿੰਸਾ ਨੂੰ ਰੋਕਣ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਕੋਵਿਡ-19 ਵਿਰੁੱਧ ਆਪਣੀਆਂ ਯੋਜਨਾਵਾਂ ਵਿੱਚ ਮਹੱਤਵਪੂਰਨ ਹਿੱਸਾ ਬਣਾਉਣ।"

ਭਾਰਤ ‘ਚ ਵੀ ਵਧੇ ਮਾਮਲੇ:

ਕੁਝ ਦਿਨ ਪਹਿਲਾਂ ਦਿੱਲੀ ਦੇ ਡੀਸੀਪੀ (ਸੰਚਾਲਨ ਅਤੇ ਸੰਚਾਰ) ਐਸਕੇ ਸਿੰਘ ਨੇ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਮੰਨਿਆ ਕਿ ਦੇਸ਼ ਵਿੱਚ ਲੌਕਡਾਊਨ ਦੌਰਾਨ ਘਰੇਲੂ ਹਿੰਸਾ ਦੇ ਮਾਮਲੇ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਔਰਤਾਂ ਵਿਰੁੱਧ ਅਪਰਾਧ ਨਾਲ ਸਬੰਧਤ ਕਾਲਾਂ ਵਿੱਚ ਵਾਧਾ ਹੋਇਆ ਹੈ। ਪਹਿਲਾਂ ਅਸੀਂ ਘਰੇਲੂ ਹਿੰਸਾ, ਛੇੜਛਾੜ ਨਾਲ ਜੁੜੇ ਪ੍ਰਤੀ ਦਿਨ 900-1000 ਕਾਲਾਂ ਪ੍ਰਾਪਤ ਕਰਦੇ ਸੀ, ਹਾਲਾਂਕਿ ਤਾਲਾਬੰਦ ਹੋਣ ਦੇ ਬਾਅਦ ਤੋਂ ਪ੍ਰਤੀ ਦਿਨ ਲਗਪਗ 1000-1200 ਕਾਲਾਂ ਆ ਰਹੀਆਂ ਹਨ।

ਇਹ ਵੀ ਪੜ੍ਹੋ :

ਟਰੰਪ ਪਹਿਲਾਂ ਮੰਗ ਰਹੇ ਸੀ ਭਾਰਤ ਤੋਂ ਮਦਦ, ਹੁਣ ਦੇ ਰਹੇ ਧਮਕੀਆਂ

ਜਾਣੋਂ ਪ੍ਰਧਾਨ ਮੰਤਰੀ ਦੀ ਕਿੰਨੀ ਹੈ ਤਨਖਾਹ, 30 ਫਸਿਦ ਕੱਟ ਕੇ ਕਿੰਨੀ ਮਿਲੇਗੀ?