ਚੰਡੀਗੜ੍ਹ: ਪੀਜੀਆਈ 'ਚ ਸੋਮਵਾਰ ਨੂੰ ਕੋਰੋਨਾਵਾਇਰਸ ਦਾ ਸ਼ੱਕੀ ਮਰੀਜ਼ ਦਾਖਲ ਹੋਇਆ ਹੈ। ਲੱਛਣਾਂ ਤੇ ਯਾਤਰਾ ਰਿਕਾਰਡ ਨੂੰ ਵੇਖਦੇ ਹੋਏ ਮਰੀਜ਼ ਨੂੰ ਤੁਰੰਤ ਵੱਖਰੇ ਵਾਰਡ 'ਚ ਸ਼ਿਫਟ ਕੀਤਾ ਗਿਆ ਹੈ। ਸੂਤਰਾਂ ਮੁਤਾਬਕ 28 ਸਾਲਾ ਨੌਜਵਾਨ ਹਾਲ ਹੀ 'ਚ ਚੀਨ ਤੋਂ ਪਰਤਿਆ ਸੀ। ਸਵੇਰੇ 10 ਤੋਂ 11 ਵਜੇ ਕਰੀਬ ਉਸ ਦੇ ਘਰਦਿਆਂ ਨੂੰ ਵੀ ਵੱਖਰਾ ਕੀਤਾ ਗਿਆ।
ਪੀਜੀਆਈ ਦੇ ਅਧਿਕਾਰੀ ਇਸ ਬਾਰੇ ਬੋਲਣ ਤੋਂ ਬਚ ਰਹੇ ਹਨ। ਉਨ੍ਹਾਂ ਨੇ ਇਹ ਕਹਿ ਕੇ ਆਪਣਾ ਪੱਲਾ ਝਾੜ ਲਿਆ ਕਿ ਪੰਜਾਬ ਦਾ ਮਾਮਲਾ ਹੈ। ਪੰਜਾਬ ਸਿਹਤ ਵਿਭਾਗ ਹੀ ਇਸ ਬਾਰੇ ਦੱਸੇਗਾ।
ਸਿਹਤ ਵਿਭਾਗ ਨੇ ਦੋ ਦਿਨ ਪਹਿਲਾਂ ਹੀ ਇਸ ਬਾਰੇ ਐਡਵਾਇਜ਼ਰੀ ਜਾਰੀ ਕੀਤੀ ਹੈ ਕਿ ਸ਼ੱਕੀ ਮਰੀਜ਼ਾਂ ਦੀ ਜਾਣਾਕਰੀ ਤੁਰੰਤ ਵਿਭਾਗ ਨੂੰ ਦਿੱਤੀ ਜਾਵੇ, ਪਰ ਪੀਜੀਆਈ ਨੇ ਇਸ ਬਾਰੇ ਜਾਣਕਾਰੀ ਅਜੇ ਤਕ ਵਿਭਾਗ ਨੂੰ ਨਹੀਂ ਦਿੱਤੀ। ਮਰੀਜ਼ ਦੇ ਸੈਂਪਲ ਨੈਸ਼ਨਲ ਵਾਇਰਲੋਜ਼ੀਕਲ ਇੰਸਟੀਚਿਊਟ ਪੁਣੇ ਭੇਜੇ ਗਏ ਹਨ। ਸੂਤਰਾਂ ਮੁਤਾਬਕ ਮੁਹਾਲੀ ਦੇ ਇਸ ਮਰੀਜ਼ ਬਾਰੇ ਕੋਈ ਵੀ ਜਾਣਕਾਰੀ ਨਾ ਦੇਣ ਲਈ ਸਟਾਫ ਮੈਂਬਰਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ।
ਹਵਾਈ ਅੱਡਿਆਂ ਦੇ ਪ੍ਰਸ਼ਾਸਨ ਨੂੰ ਨਿਰਦੇਸ਼
ਸਿਹਤ ਵਿਭਾਗ, ਪੰਜਾਬ ਨੇ ਸੂਬੇ ਦੇ ਅੰਮ੍ਰਿਤਸਰ ਤੇ ਮੁਹਾਲੀ ਦੋਵੇਂ ਹਵਾਈ ਅੱਡਿਆਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਉਹ ਚੀਨ ਤੇ ਹੋਰ ਦੇਸ਼ਾਂ ਜਿੱਥੋਂ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ, ਦੀ ਯਾਤਰਾ ਬਾਰੇ ਸਵੈ-ਘੋਸ਼ਣਾ ਸਬੰਧੀ ਅੰਤਰ-ਰਾਸ਼ਟਰੀ ਹਵਾਈ ਉਡਾਣਾਂ ਦੇ ਯਾਤਰੀਆਂ ਲਈ ਐਡਵਾਇਜ਼ਰੀ ਲਗਾਉਣ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕਿਸੇ ਵੀ ਵਿਅਕਤੀ ਨੇ ਪਿਛਲੇ 28 ਦਿਨਾਂ ਦੌਰਾਨ ਚੀਨ ਦੀ ਯਾਤਰਾ ਕੀਤੀ ਹੈ ਤਾਂ ਉਹ ਸਬੰਧਤ ਜ਼ਿਲ੍ਹਾ ਹਸਪਤਾਲ ਵਿੱਚ ਰਿਪੋਰਟ ਕਰੇ ਜਾਂ ਹੋਰ ਸਹਾਇਤਾ ਲੈਣ ਲਈ 104 ਹੈਲਪਲਾਈਨ ਨੰਬਰ ਨੂੰ ਸੂਚਿਤ ਕਰ ਸਕਦਾ ਹੈ।