ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ ‘ਚ ਕਰਫਿਊ (Curfew) ਤੋਂ ਕੁਝ ਕਾਰੋਬਾਰੀਆਂ ਨੂੰ ਛੋਟ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸੂਬੇ ‘ਚ ਕੋਰੋਨਾਵਾਇਰਸ (covid-19) ਦਾ ਹਮਲਾ ਤੇਜ਼ ਹੋ ਗਿਆ ਹੈ। ਪੰਜਾਬ ‘ਚ ਕਰੋਨਾ ਨਾਲ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ।

ਚੰਡੀਗੜ੍ਹ ਦੇ ਪੀਜੀਆਈ ‘ਚ ਕੋਰੋਨਾ ਦੀ ਲਪੇਟ ‘ਚ ਆਈ ਛੇ ਮਹੀਨੇ ਦੀ ਬੱਚੀ ਦੀ ਵੀਰਵਾਰ ਨੂੰ ਮੌਤ ਹੋ ਗਈ। ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਤੋਂ ਆਈ ਬੱਚੀ ਨੂੰ ਦਿਲ ਦੇ ਛੇਕ ਦੇ ਇਲਾਜ ਲਈ ਪੀਜੀਆਈ ‘ਚ ਦਾਖਲ ਕਰਵਾਇਆ ਗਿਆ ਸੀ। ਇਸ ਦੇ ਨਾਲ ਹੀ ਪੰਜਾਬ ‘ਚ ਕੋਰੋਨਾ ਤੋਂ ਮਰਣ ਵਾਲਿਆਂ ਦੀ ਗਿਣਤੀ 17 ਹੋ ਗਈ ਤੇ ਸੂਬੇ ‘ਚ ਸੰਕਰਮਿਤ ਮਰੀਜ਼ਾਂ ਦੀ ਕੁੱਲ ਗਿਣਤੀ 277 ਹੋ ਗਈ ਹੈ।

ਇਸ ਬੱਚੀ ਨੂੰ 9 ਅਪਰੈਲ ਤੋਂ ਚੰਡੀਗੜ੍ਹ ਦੇ ਪੀਜੀਆਈ ਦੇ ਐਡਵਾਂਸਡ ਪੀਡੀਆਟ੍ਰਿਕ ਸੈਂਟਰ ‘ਚ ਦਾਖਲ ਕਰਵਾਇਆ ਗਿਆ ਸੀ। ਜਦੋਂ ਉਸ ਦੀ ਸਿਹਤ ਖਰਾਬ ਹੋਣ ਅਤੇ ਇਨਫੈਕਸ਼ਨ ਹੋਣ ਕਰਕੇ ਸੈਂਪਲ ਲੈ ਕੇ ਕੋਰੋਨਾ ਦੀ ਜਾਂਚ ਕੀਤੀ ਗਈ। ਬੁੱਧਵਾਰ ਨੂੰ ਆਈ ਰਿਪੋਰਟ ‘ਚ ਉਹ ਕੋਰੋਨਾ ਨਾਲ ਸੰਕਰਮਿਤ ਪਾਈ ਗਈ। ਬੱਚੀ ਦੇ ਸਕਾਰਾਤਮਕ ਪਾਏ ਜਾਣ ਤੋਂ ਬਾਅਦ ਬੱਚਿਆਂ ਦੇ ਸੈਂਟਰ ਦੇ ਕੁੱਲ 18 ਡਾਕਟਰ, 15 ਨਰਸਿੰਗ ਅਧਿਕਾਰੀ, 13 ਸਟਾਫ ਅਟੈਂਡੈਂਟ, ਦੋ ਫਿਜ਼ੀਓਥੈਰੇਪਿਸਟ, ਛੇ ਐਕਸਰੇ ਟੈਕਨੀਸ਼ੀਅਨ ਸਣੇ 54 ਲੋਕਾਂ ਨੂੰ ਕੁਆਰੰਟਿਨ ਕੀਤਾ ਗਿਆ।

ਇਸ ਤੋਂ ਪਹਿਲਾਂ ਸੂਬੇ ‘ਚ ਬੁੱਧਵਾਰ ਨੂੰ 21 ਕੇਸ ਪੌਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਤੇ ਉਨ੍ਹਾਂ ‘ਚ ਇਸ ਬੱਚੀ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਇੱਕ ਦਿਨ ‘ਚ ਹੁਣ ਤਕ ਸਭ ਤੋਂ ਵੱਧ ਗਿਣਤੀ ਹੈ। ਪਟਿਆਲਾ ਦੇ ਰਾਜਪੁਰਾ ‘ਚ ਇਕੋ ਸਮੇਂ 18 ਮਾਮਲੇ ਸਾਹਮਣੇ ਆਏ। ਇਹ ਲੋਕ ਇੱਕ ਨਿੱਜੀ ਹਸਪਤਾਲ ਵਿੱਚ ਸਕਾਰਾਤਮਕ ਪਾਏ ਗਏ।