ਕੋਰੋਨਾ ਨਾਲ ਲੜਾਈ ਦੇ ਬਜਾਏ ਬੀਜੇਪੀ ਫੈਲਾ ਰਹੀ ਨਫ਼ਰਤ ਦੇ ਵਾਇਰਸ, ਕਾਂਗਰਸ ਨੇ ਕਿਹਾ ਪਹਿਲਾਂ ਕਿਸਾਨਾਂ, ਮਜ਼ਦੂਰਾਂ ਤੇ ਗਰੀਬਾਂ ਬਾਰੇ ਸੋਚੋ
ਏਬੀਪੀ ਸਾਂਝਾ | 23 Apr 2020 12:52 PM (IST)
ਸੋਨੀਆਂ ਗਾਂਧੀ ਦੀ ਸਰਕਾਰ ਨੂੰ ਅਪੀਲ, ਕਿਹਾ ਕਿਸਾਨਾਂ, ਮਜ਼ਦੂਰਾਂ 'ਤੇ ਗਰੀਬਾਂ ਦੇ ਖਾਤੇ 'ਚ ਪਾਏ ਜਾਣ ਪੈਸੇ
ਨਵੀਂ ਦਿੱਲੀ: ਕਾਂਗਰਸ ਵਰਕਿੰਗ ਕਮੇਟੀ (CWC) ਦੀ ਬੈਠਕ ਵਿੱਚ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਇਸ ਮੁਸ਼ਕਲ ਸਮੇਂ ਵਿੱਚ ਸਰਕਾਰ ਨੂੰ ਤੁਰੰਤ ਕਿਸਾਨਾਂ, ਮਜ਼ਦੂਰਾਂ ਤੇ ਗਰੀਬਾਂ ਦੇ ਖਾਤੇ ਵਿੱਚ 7500 ਰੁਪਏ ਦੀ ਵਿੱਤੀ ਮਦਦ ਦੇਣੀ ਚਾਹੀਦੀ ਹੈ। ਉਨ੍ਹਾਂ ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਲੜਨ ਲਈ ਕੀਤੇ ਜਾ ਰਹੇ ਪ੍ਰਬੰਧਾਂ 'ਤੇ ਆਪਣੀ ਚਿੰਤਾ ਜ਼ਾਹਰ ਕੀਤੀ ਤੇ ਭਾਜਪਾ 'ਤੇ ਗੰਭੀਰ ਦੋਸ਼ ਲਾਏ। ਸੋਨੀਆ ਗਾਂਧੀ ਨੇ ਕਿਹਾ ਕਿ ਜਦੋਂ ਸਾਨੂੰ ਸਾਰਿਆਂ ਨੂੰ ਮਿਲ ਕੇ ਕੋਰੋਨਾਵਾਇਰਸ ਵਿਰੁੱਧ ਲੜਨਾ ਚਾਹੀਦਾ ਸੀ, ਉਦੋਂ ਭਾਜਪਾ ਨਫ਼ਰਤ ਦੇ ਵਾਇਰਸ ਫੈਲਾ ਰਹੀ ਹੈ। ਸੋਨੀਆ ਗਾਂਧੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਵਿੱਚ ਕਾਂਗਰਸ ਦੇ ਕਈ ਵੱਡੇ ਨੇਤਾਵਾਂ ਤੇ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਬੈਠਕ ਵਿੱਚ ਸੋਨੀਆ ਗਾਂਧੀ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਕਾਂਗਰਸ ਵੱਲੋਂ ਦਿੱਤੇ ਸੁਝਾਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਤੇ ਸਰਕਾਰ ਪੱਖਪਾਤ ਦਾ ਸ਼ਿਕਾਰ ਹੈ। ਸੋਨੀਆ ਗਾਂਧੀ ਨੇ ਇਹ ਵੀ ਕਿਹਾ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਟੈਸਟ ਕਰਨ ਦੀ ਮਾਤਰਾ ਕਾਫ਼ੀ ਨਹੀਂ ਤੇ ਉਨ੍ਹਾਂ ਦੀ ਗਿਣਤੀ ਵਧਾਉਣ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਰਕਾਰ ਤੇਜ਼ੀ ਨਾਲ ਟੈਸਟ ਕਰਵਾਉਣ ਵਿੱਚ ਜ਼ਿਆਦਾ ਸਫਲ ਨਹੀਂ ਹੋ ਸਕੀ ਹੈ। ਸੋਨੀਆ ਗਾਂਧੀ ਨੇ ਇਹ ਵੀ ਕਿਹਾ ਕਿ ਸਰਕਾਰ ਸਿਹਤ ਕਰਮਚਾਰੀਆਂ ਨੂੰ ਚੰਗੀ ਕੁਆਲਟੀ ਦੀਆਂ ਪੀਪੀਈ ਕਿੱਟਾਂ ਮੁਹੱਈਆ ਕਰਵਾਉਣ ਵਿੱਚ ਵੀ ਅਸਫਲ ਰਹੀ ਹੈ।