ਮਨਵੀਰ ਕੌਰ ਰੰਧਾਵਾ

ਚੰਡੀਗੜ੍ਹ/ਨਵੀਂ ਦਿੱਲੀ: ਇਟਲੀ ਦੀ ਰਾਜਧਾਨੀ ਰੋਮ ਤੋਂ ਵੁਹਾਨ ਸ਼ਹਿਰ ਦੀ ਦੂਰੀ ਸਾਢੇ 8 ਹਜ਼ਾਰ ਕਿਲੋਮੀਟਰ ਤੋਂ ਵੀ ਵੱਧ ਹੈ। ਰੋਮ ਵਿੱਚ 31 ਜਨਵਰੀ ਨੂੰ ਕੋਰੋਨਾ ਦੇ ਦੋ ਮਰੀਜ਼ ਮਿਲੇ। ਇਹ ਦੋਵੇਂ ਚੀਨ ਦੇ ਯਾਤਰੀ ਸੀ। ਇਸ ਤੋਂ ਬਾਅਦ ਇਟਲੀ ‘ਚ ਕੋਰੋਨਾ ਸੰਕਰਮਣ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋਇਆ। ਇਹ ਵਾਇਰਸ ਨਾ ਸਿਰਫ ਯੂਰਪੀਅਨ ਦੇਸ਼ਾਂ ਵਿੱਚ, ਬਲਕਿ ਇਟਲੀ ਤੋਂ ਹੁੰਦੇ ਹੋਏ ਦੁਨੀਆ ਦੇ ਕਈ ਦੇਸ਼ਾਂ ਵਿੱਚ ਫੈਲ ਗਿਆ। ਦੁਨੀਆ ਦੇ ਲਗਪਗ 50 ਦੇਸ਼ਾਂ ਵਿੱਚ ਮਿਲਿਆ ਕੋਰੋਨਾ ਦਾ ਪਹਿਲਾ ਮਰੀਜ਼ ਕਿਸੇ ਨਾ ਕਿਸੇ ਤਰੀਕੇ ਨਾਲ ਇਟਲੀ ਨਾਲ ਜੁੜਿਆ ਹੋਇਆ ਸੀ।

ਕਈ ਦੇਸ਼ਾਂ ਨੇ ਕੋਰੋਨਾਵਾਇਰਸ ਨੂੰ ਰੋਕਣ ਲਈ ਯਾਤਰਾ ‘ਤੇ ਪਾਬੰਦੀ ਲਾ ਦਿੱਤੀ ਸੀ। ਹਾਲਾਂਕਿ, ਲਗਾਤਾਰ ਵਧਣ ਦੇ ਬਾਵਜੂਦ, ਉਡਾਣਾਂ ਇਟਲੀ ਵਿੱਚ ਚੱਲਦੀਆਂ ਰਹੀਆਂ। ਇਟਲੀ ਨੇ 16 ਮਾਰਚ ਨੂੰ ਮਿਲਾਨ ਏਅਰਪੋਰਟ ‘ਤੇ ਇੱਕ ਟਰਮੀਨਲ ਬੰਦ ਕਰ ਦਿੱਤਾ, ਜਦੋਂਕਿ ਉਸ ਸਮੇਂ ਲੋਂਬਾਰਡੀ ‘ਚ 3,760 ਤੋਂ ਵੱਧ ਮਾਮਲੇ ਸੀ। ਇਸ ਦੇ ਉਲਟ ਚੀਨ ਨੇ 23 ਜਨਵਰੀ ਨੂੰ ਹੁਬੇਈ ਨੂੰ ਪੂਰੀ ਤਰ੍ਹਾਂ ਬੰਦ ਕੀਤਾ। ਉਸ ਸਮੇਂ ਤਕ, ਹੁਬੇਈ ‘ਚ ਲਗਪਗ 500 ਮਾਮਲੇ ਸੀ। ਵੁਹਾਨ, ਹੁਬੇਈ ਦੀ ਰਾਜਧਾਨੀ ਹੈ। ਸਿਰਫ ਇਟਲੀ ਹੀ ਨਹੀਂ ਬਲਕਿ ਕਈ ਯੂਰਪੀਅਨ ਦੇਸ਼ਾਂ ਨੇ ਕੋਰੋਨਾ ਵਧਣ ਦੇ ਬਾਵਜੂਦ ਅੰਤਰਰਾਸ਼ਟਰੀ ਉਡਾਣਾਂ ਵੀ ਜਾਰੀ ਰੱਖੀਆਂ।



ਜਾਣੋ ਦੁਨੀਆ ਦੇ ਕਿਹੜੇ ਖੇਤਰਾਂ ‘ਚ ਇਟਲੀ ਨੇ ਫੈਲਾਇਆ ਕੋਵਿਡ-19

1)   ਅਫਰੀਕਾ: ਅਲਜੀਰੀਆ, ਮੋਰੋਕੋ, ਨਾਈਜੀਰੀਆ, ਸੇਨੇਗਲ, ਟਿਊਨੀਸ਼ੀਆ ਵਰਗੇ 9 ਦੇਸ਼ਾਂ ਵਿੱਚ ਮਿਲਿਆ ਕੋਰੋਨਾ ਦੇ ਪਹਿਲੇ ਕੇਸ ਦਾ ਸਬੰਧ ਇਟਲੀ ਨਾਲ ਸੀ। 9 ਮਾਰਚ ਨੂੰ ਦੱਖਣੀ ਅਫਰੀਕਾ ਵਿੱਚ ਮਿਲੇ ਪਹਿਲੇ 7 ਮਾਮਲੇ, ਇਟਲੀ ਤੋਂ ਯਾਤਰਾ ਕਰਕੇ ਵਾਪਸ ਪਰਤੇ ਸੀ।
2)  ਅਮਰੀਕਾ: ਅਰਜਨਟੀਨਾ, ਬ੍ਰਾਜ਼ੀਲ, ਬੋਲੀਵੀਆ, ਚਿਲੀ, ਕੋਲੰਬੀਆ, ਕਿਊਬਾ, ਡੋਮੀਨੀਅਨ ਰੀਪਬਲਿਕ, ਗੁਆਟੇਮਾਲਾ, ਮੈਕਸੀਕੋ, ਉਰੂਗਵੇ ਤੇ ਵੈਨਜ਼ੂਏਲਾ ਤੋਂ ਮਿਲਿਆ ਕੋਰੋਨਾ ਦਾ ਪਹਿਲਾ ਸੰਕਰਮਿਤ ਮਰੀਜ਼ ਇਟਲੀ ਤੋਂ ਆਇਆ ਸੀ। ਯੂਐਸਏ ‘ਚ ਪਹਿਲਾ ਸੰਕਰਮਿਤ ਮਰੀਜ਼ ਵੁਹਾਨ ਤੋਂ ਵਾਪਸ ਆਇਆ ਇੱਕ ਵਿਅਕਤੀ ਸੀ।

3)  ਏਸ਼ੀਆ: ਏਸ਼ਿਆਈ ਦੇਸ਼ਾਂ ‘ਚ ਕੋਰੋਨਾ ਇਟਲੀ ਕਾਰਨ ਚੀਨ ਨਾਲੋਂ ਵਧੇਰੇ ਤੇਜ਼ੀ ਨਾਲ ਫੈਲਿਆ। 8 ਮਾਰਚ ਨੂੰ ਪਹਿਲੇ ਤਿੰਨ ਕੇਸ ਬੰਗਲਾਦੇਸ਼ ‘ਚ ਸਾਹਮਣੇ ਆਏ ਸੀ। ਇਨ੍ਹਾਂ ਵਿੱਚੋਂ ਦੋਵਾਂ ਦੀ ਇਟਲੀ ਟ੍ਰੈਵਲ ਹਿਸਟਰੀ ਸੀ। 30 ਜਨਵਰੀ ਤੋਂ 2 ਫਰਵਰੀ ਦਰਮਿਆਨ ਭਾਰਤ ਵਿੱਚ ਤਿੰਨ ਕੇਸ ਹੋਏ ਸੀ। ਤਿੰਨੇ ਵੁਹਾਨ ਤੋਂ ਵਾਪਸ ਪਰਤ ਆਏ ਸੀ। ਉਸ ਤੋਂ ਬਾਅਦ ਇੱਕ ਮਹੀਨੇ ਤਕ ਕੋਈ ਨਵਾਂ ਕੇਸ ਨਹੀਂ ਆਇਆ।

ਹਾਲਾਂਕਿ, 2 ਨਵੇਂ ਕੇਸ 2 ਮਾਰਚ ਨੂੰ ਆਏ ਜੋ ਦਿੱਲੀ ਤੋਂ ਸੀ ਤੇ ਇਹ ਵੀ ਇਟਲੀ ਤੋਂ ਯਾਤਰਾ ਕਰਕੇ ਵਾਪਸ ਪਰਤੇ ਸੀ। ਇਸ ਤੋਂ ਇਲਾਵਾ ਇਟਲੀ ਦੇ 16 ਨਾਗਰਿਕ ਜੋ 6 ਮਾਰਚ ਨੂੰ ਕੋਰੋਨਾ ਸਕਾਰਾਤਮਕ ਸੀ, ਭਾਰਤ ਆਏ ਹੋਏ ਸੀ। ਸ਼੍ਰੀਲੰਕਾ ਵਿੱਚ ਸੰਕਰਮਿਤ ਪਹਿਲਾ ਕੋਰੋਨਾ ਇੱਕ ਗਾਈਡ ਸੀ, ਜੋ ਇਟਲੀ ਦੇ ਸੈਲਾਨੀਆਂ ਦੇ ਨਾਲ ਸੀ।

4)  ਯੂਰਪ: ਯੂਰਪੀਅਨ ਦੇਸ਼ਾਂ ਨੂੰ ਕੋਰੋਨਾ ਦੀ ਸਭ ਤੋਂ ਵੱਧ ਮਾਰ ਪਈ। ਨਿਊਜ਼ ਏਜੰਸੀ ਏਐਫਪੀ ਮੁਤਾਬਕ 1 ਅਪ੍ਰੈਲ ਤੱਕ ਯੂਰਪ ‘ਚ ਕੋਰੋਨਾ ਨਾਲ 30,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਸੀ। ਕੋਰੋਨਾ ਨਾਲ ਪ੍ਰਭਾਵਿਤ ਟਾਪ 10 ਦੇਸ਼ਾਂ ਦੀ ਸੂਚੀ ‘ਚ 5 ਯੂਰਪ ਦੇ ਦੇਸ਼ ਰਹੇ।

ਅੰਡੋਰਾ, ਆਸਟਰੀਆ, ਕਰੋਏਸ਼ੀਆ, ਸਾਈਪ੍ਰਸ, ਡੈਨਮਾਰਕ, ਫਰਾਂਸ, ਗ੍ਰੀਸ, ਆਈਸਲੈਂਡ, ਆਇਰਲੈਂਡ, ਲਾਤਵੀਆ, ਲਿਥੁਆਨੀਆ, ਮਾਲਟਾ, ਮਾਲਡੋਵਾ, ਨੀਦਰਲੈਂਡਜ਼, ਉੱਤਰੀ ਮੈਸੇਡੋਨੀਆ, ਪੋਲੈਂਡ, ਰੋਮਾਨੀਆ, ਸਰਬੀਆ, ਸਲੋਵਾਕੀਆ, ਸਲੋਵੇਨੀਆ, ਸਪੇਨ, ਸਵਿਟਜ਼ਰਲੈਂਡ, ਯੂਕਰੇਨ ਦੇ ਪਹਿਲੇ ਮਰੀਜ਼ਾਂ ਦੀ ਟ੍ਰੈਵਲ ਹਿਸਟਰੀ ਇਟਲੀ ਦੀ ਸੀ।

5)  ਓਸ਼ੇਨੀਆ: ਇਸ ਖੇਤਰ ‘ਚ ਆਸਟਰੇਲੀਆ ਤੇ ਨਿਊਜ਼ੀਲੈਂਡ ਸਣੇ 14 ਦੇਸ਼ ਹਨ। ਇਨ੍ਹਾਂ ਦੇਸ਼ਾਂ ‘ਚ ਸਭ ਤੋਂ ਪਹਿਲੇ ਕੇਸ ਦੀ ਟ੍ਰੈਵਲ ਹਿਸਟ੍ਰੀ ਇਟਲੀ ਨਹੀਂ ਸੀ। ਪਰ, ਨਿਊਜ਼ੀਲੈਂਡ ਵਿੱਚ ਦੂਜੇ ਕੇਸ ਦੀ ਟ੍ਰੈਵਲ ਹਿਸਟਰੀ ਇਟਲੀ ਦੀ ਸੀ।