Coronavirus Today: ਦੇਸ਼ 'ਚ ਜਾਨਲੇਵਾ ਕੋਰੋਨਾ ਵਾਇਰਸ ਦੀ ਰਫ਼ਤਾਰ ਹੁਣ ਹੌਲੀ ਪੈ ਰਹੀ ਹੈ। ਪਿਛਲੇ 24 ਘੰਟੇ 'ਚ ਦੇਸ਼ ਵਿੱਚ ਕੋਰੋਨਾ ਦੇ 34,703 ਨਵੇਂ ਕੇਸ ਸਾਹਮਣੇ ਆਏ ਹਨ। ਵੱਡੀ ਗੱਲ ਇਹ ਹੈ ਕਿ 111 ਦਿਨਾਂ ਬਾਅਦ ਦੇਸ਼ 'ਚ ਇੰਨੇ ਘੱਟ ਮਾਮਲੇ ਸਾਹਮਣੇ ਆਏ ਹਨ। ਹੁਣ ਦੇਸ਼ 'ਚ ਹੁਣ ਐਕਟਿਵ ਮਾਮਲੇ ਘੱਟ ਕੇ 4 ਲੱਖ 64 ਹਜ਼ਾਰ 357 ਹੋ ਗਏ ਹਨ। ਹੁਣ ਰਿਕਵਰੀ ਰੇਟ 97.17 ਫ਼ੀਸਦੀ ਹੋ ਗਈ ਹੈ। ਭਾਰਤ 'ਚ ਲਗਾਤਾਰ 8ਵੇਂ ਦਿਨ ਕੋਰੋਨਾ ਮਾਮਲੇ 50 ਹਜ਼ਾਰ ਤੋਂ ਘੱਟ ਦਰਜ ਹੋਏ ਹਨ।



ਦੱਸ ਦੇਈਏ ਕਿ ਰਾਜਧਾਨੀ ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੰਜਾਬ, ਗੋਆ, ਮੱਧ ਪ੍ਰਦੇਸ਼, ਰਾਜਸਥਾਨ ਤੇ ਗੁਜਰਾਤ ਸਮੇਤ ਦੇਸ਼ ਦੇ 10 ਵੱਡੇ ਸੂਬਿਆਂ 'ਚ ਹੁਣ ਕੋਰੋਨਾ ਦੀ ਰਫ਼ਤਾਰ ਬਹੁਤ ਹੌਲੀ ਹੋ ਗਈ ਹੈ। ਹਾਲਾਂਕਿ ਮਹਾਰਾਸ਼ਟਰ, ਕਰਨਾਟਕ, ਅਸਾਮ, ਬੰਗਾਲ, ਮਿਜ਼ੋਰਮ, ਤੇਲੰਗਾਨਾ, ਜੰਮੂ-ਕਸ਼ਮੀਰ ਤੇ ਝਾਰਖੰਡ 'ਚ ਅਜੇ ਵੀ ਕੋਰੋਨਾ ਜਾਨਲੇਵਾ ਬਣਿਆ ਹੋਇਆ ਹੈ।

ਦਿੱਲੀ 'ਚ 54 ਨਵੇਂ ਕੇਸ ਸਾਹਮਣੇ ਆਏ
ਪਿਛਲੇ 24 ਘੰਟੇ 'ਚ ਦਿੱਲੀ ਵਿੱਚ ਕੋਰੋਨਾ ਦੇ 54 ਨਵੇਂ ਕੇਸ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ 132 ਰਿਕਵਰੀ ਤੇ 2 ਮੌਤਾਂ ਹੋਣ ਦੀ ਖਬਰ ਮਿਲੀ ਹੈ। ਦਿੱਲੀ 'ਚ ਹੁਣ ਤਕ ਕੁਲ 14,34,608 ਮਾਮਲੇ ਮਿਲੇ ਹਨ। ਇਸ 'ਚ ਐਕਟਿਵ ਕੇਸ 912 ਹਨ। ਇਨ੍ਹਾਂ 'ਚੋਂ 14,08,699 ਲੋਕ ਠੀਕ ਹੋ ਚੁੱਕੇ ਹਨ। ਹਾਲਾਂਕਿ ਹੁਣ ਤਕ 24,997 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਮਹਾਰਾਸ਼ਟਰ 'ਚ 6740 ਨਵੇਂ ਕੇਸ ਸਾਹਮਣੇ ਆਏ
ਮਹਾਰਾਸ਼ਟਰ 'ਚ ਕੋਰੋਨਾ ਦੇ 6740 ਨਵੇਂ ਕੇਸਾਂ ਦੀ ਆਮਦ ਨਾਲ ਲਾਗ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 61,04,917 ਹੋ ਗਈ ਹੈ, ਜਦਕਿ 51 ਹੋਰ ਮਰੀਜ਼ਾਂ ਦੀ ਮੌਤ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ 1,23,136 ਹੋ ਗਈ ਹੈ। ਪਿਛਲੇ 24 ਘੰਟਿਆਂ 'ਚ 13,027 ਲੋਕਾਂ ਨੂੰ ਸੂਬੇ ਦੇ ਹਸਪਤਾਲਾਂ ਤੋਂ ਛੁੱਟੀ ਮਿਲੀ ਹੈ। ਹੁਣ ਤਕ 58,61,720 ਲੋਕ ਠੀਕ ਹੋ ਚੁੱਕੇ ਹਨ। ਇਸ ਸਮੇਂ ਸੂਬੇ 'ਚ 1,16,827 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਰਿਕਵਰੀ ਰੇਟ 96.02 ਫ਼ੀਸਦੀ ਹੈ।