ਦੁਬਈ: ਲੌਕਡਾਊਨ ਦੌਰਾਨ ਬਹੁਤ ਸਾਰੇ ਲੋਕ ਦੂਜੀਆਂ ਥਾਂਵਾਂ ‘ਤੇ ਫਸੇ ਹੋਏ ਹਨ। ਇਸ ਲਈ ਵਿਆਹ ਤੇ ਜਨਮ ਦਿਨ ਵਰਗੇ ਕਈ ਸਮਾਗਮਾਂ ਨੂੰ ਅੱਗੇ ਖਿਸਕਾਇਆ ਗਿਆ ਹੈ। ਬੁਕਿੰਗ ਹਾਲ, ਰੈਸਟੋਰੈਂਟ ਵਰਗੇ ਸਾਰੀਆਂ ਥਾਂਵਾਂ ਬੰਦ ਹਨ। ਜਿਨ੍ਹਾਂ ਨੇ ਪਹਿਲਾਂ ਹੀ ਬੁਕਿੰਗ ਕਰਵਾਈ ਸੀ, ਉਹ ਹੁਣ ਲੌਕਡਾਊਨ ਮੁਤਾਬਕ ਤਰੀਕ ਨੂੰ ਅੱਗੇ ਵਧਾ ਰਹੇ ਹਨ।

ਇਸ ਦੌਰਾਨ ਕੁਝ ਲੋਕਾਂ ਨੇ ਸੋਸ਼ਲ ਨੈੱਟਵਰਕ ਦੀ ਮਦਦ ਲੈ ਕੇ ਉਨ੍ਹਾਂ ਦੇ ਸੱਤ ਜਨਮਾਂ ਦੇ ਰਿਸ਼ਤਿਆਂ ‘ਤੇ ਮੋਹਰਾਂ ਲਾਈਆਂ ਹਨ। ਇਸ ਦੌਰਾਨ ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਲੌਕਡਾਊਨਜ਼ ਦੇ ਦੌਰਾਨ ਆਨਲਾਈਨ ਨਿਕਾਹ ਸਰਵਿਸ ਸ਼ੁਰੂ ਕੀਤੀ ਹੈ। ਇਸ ਤਹਿਤ ਜੋੜਾ ਆਨਲਾਈਨ ਨਿਕਾਹ ਕਰਾ ਸਕਣਗੇ। ਇਸ ਦੇ ਨਾਲ ਹੀ ਹੋਰ ਕਾਗਜ਼ਾਤ ਦਾ ਕੰਮ ਵੀ ਆਨ-ਲਾਈਨ ਕੀਤਾ ਜਾਵੇਗਾ।

ਯੂਏਈ ਦੀ ਅਧਿਕਾਰਤ ਨਿਊਜ਼ ਏਜੰਸੀ ਡਬਲਯੂਐਮ ਮੁਤਾਬਕ, ਨਿਆਂ ਮੰਤਰਾਲੇ ਨੇ ਦੋ ਦਿਨ ਪਹਿਲਾਂ ਕਿਹਾ ਸੀ ਕਿ ਵਿਆਹ ਲਈ ਕਾਗਜ਼ ਦਾ ਕੰਮ ਅਤੇ ਮਨਜ਼ੂਰੀ ਵੀ ਆਨਲਾਈਨ ਉਪਲਬਧ ਹੋਵੇਗੀ। ਯੂਏਈ ‘ਚ ਕੋਰੋਨਾਵਾਇਰਸ ਫੈਲਣ ਤੋਂ ਰੋਕਣ ਲਈ ਸਖ਼ਤ ਨਿਯਮ ਲਾਗੂ ਕੀਤੇ ਗਏ ਹਨ। ਹਰ ਜਗ੍ਹਾ ਚੈਕਿੰਗ ਕੀਤੀ ਜਾ ਰਹੀ ਹੈ।

ਇਸ ‘ਚ ਦੱਸਿਆ ਕਿ ਆਨਲਾਈਨ ਵਿਆਹ ਕਿਵੇਂ ਕਰਨਾ ਹੈ। ਸਾਈਟ ‘ਤੇ ਜਾ ਕੇ ਦੋਵਾਂ ਪਾਸਿਆਂ ਦੇ ਲੋਕ ਕਾਜ਼ੀ ਨਾਲ ਵੀਡੀਓ ਲਿੰਕ ਤੋਂ ਨਿਕਾਹ ਲਈ ਇੱਕ ਮਿਤੀ ਦੀ ਚੋਣ ਕਰਨਗੇ। ਇਸ ਪ੍ਰਕਿਰਿਆ ‘ਚ ਕਾਜ਼ੀ ਜੋੜੇ ਅਤੇ ਗਵਾਹਾਂ ਦੀ ਪਛਾਣ ਦੀ ਪੁਸ਼ਟੀ ਕਰਨਗੇ ਤੇ ਫਿਰ ਵਿਆਹ ਨੂੰ ਕਾਨੂੰਨੀ ਮਨਜ਼ੂਰੀ ਲਈ ਇੱਕ ਖਾਸ ਸਰਟੀਫਿਕੇਟ ਭੇਜਣਗੇ। ਜੋੜਾ ਵਿਆਹ ਦੇ ਸਰਟੀਫਿਕੇਟ ਦੀ ਪੁਸ਼ਟੀ ਐਸਐਮਐਸ ਰਾਹੀਂ ਹਾਸਲ ਕਰੇਗਾ।