ਨਵੀਂ ਦਿੱਲੀ: ਦੇਸ਼ ‘ਚ ਕੋਰੋਨਾਵਾਇਰਸ (coronavirus) ਦੇ ਮਾਮਲੇ ਵਧ ਕੇ 14378 ਹੋ ਗਏ ਹਨ। ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 991 ਨਵੇਂ ਕੇਸ ਸਾਹਮਣੇ ਆਏ ਹਨ ਅਤੇ 43 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 1992 ਦੇ ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ। ਸਿਹਤ ਮੰਤਰਾਲੇ (Health ministry) ਨੇ ਇਸ ਬਾਰੇ ਜਾਣਕਾਰੀ ਦਿੱਤੀ। ਸ਼ਾਮ 4 ਵਜੇ ਹੋਈ ਪ੍ਰੈਸ ਕਾਨਫਰੰਸ ‘ਚ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਦੇਸ਼ ਵਿੱਚ ਕੋਵਿਡ-19 (covid-19) ਕਾਰਨ ਹੁਣ ਤੱਕ 480 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਲਵ ਅਗਰਵਾਲ ਨੇ ਕਿਹਾ ਕਿ ਭਾਰਤ ‘ਚ ਕੋਰੋਨਾਵਾਇਰਸ ਕਾਰਨ ਮੌਤ ਦੀ ਦਰ ਕਰੀਬ 3.3 ਪ੍ਰਤੀਸ਼ਤ ਹੈ। 14.4 ਫੀਸਦ ਮੌਤਾਂ 0 ਤੋਂ 45 ਸਾਲ ਦੇ ਲੋਕਾਂ ਦੀ ਹੋਈ। ਜਦਕਿ 45-60 ਸਾਲ ਦੀ ਉਮਰ ਦੇ ਲੋਕਾਂ ‘ਚ 10.3%, 60-75 ਸਾਲ ਦੀ ਉਮਰ ਦੇ 33.1% ਤੇ 75 ਸਾਲ ਤੋਂ ਉਪਰ ਦੇ 42.2 ਪ੍ਰਤੀਸ਼ਤ ਲੋਕਾਂ ਦੀ ਮੌਤ ਹੋ ਗਈ। ਇਸਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ 12 ਸੂਬਿਆਂ ਦੇ 22 ਜ਼ਿਲ੍ਹਿਆਂ ਵਿੱਚ ਪਿਛਲੇ 14 ਦਿਨਾਂ ਵਿੱਚ ਕੋਰੋਨਾਵਾਇਰਸ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ।