ਨਵੀਂ ਦਿੱਲੀ: ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 354 ਕੇਸ ਹੋਏ ਹਨ ਤੇ ਅੱਠ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਸ਼ਾਮ 4 ਵਜੇ ਹੋਈ ਆਪਣੀ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਕੋਵਿਡ-19 ਦੇ ਹੁਣ ਤੱਕ ਕੁੱਲ 4,421 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। 117 ਮਰੀਜ਼ਾਂ ਦੀ ਮੌਤ ਹੋ ਗਈ ਤੇ 326 ਠੀਕ ਹੋਏ। ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਦੇਸ਼ ਵਿੱਚ ਪਿਛਲੇ 24 ਘੰਟਿਆਂ ‘ਚ ਕੋਵਿਡ-19 ਕਰਕੇ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਹੈ।


ਕੀ ਲੌਕਡਾਊਨ ਵਧੇਗਾ ਜਾਂ ਨਹੀਂ? ਇਸ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਪੱਧਰ ‘ਤੇ ਸਹੀ ਸਮੇਂ ‘ਤੇ ਫੈਸਲਾ ਲਿਆ ਜਾਵੇਗਾ। ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਆਈਸੀਐਮਆਰ ਨੇ ਆਪਣੇ ਅਧਿਐਨ ‘ਚ ਸਾਫ ਕੀਤਾ ਹੈ ਕਿ ਜੇ ਕੋਵਿਡ-19 ਦਾ ਕੋਈ ਮਰੀਜ਼ ਲੌਕਡਾਊਨ ਤੇ ਸੋਸ਼ਲ ਡਿਸਟੈਂਸਿੰਗ ਤੋਂ ਦੂਰੀ ਦੀ ਪਾਲਣਾ ਨਹੀਂ ਕਰ ਰਿਹਾ, ਤੇ ਉਹ 30 ਦਿਨਾਂ ‘ਚ 406 ਲੋਕਾਂ ਨੂੰ ਸੰਕਰਮਿਤ ਕਰ ਸਕਦਾ ਹੈ।

ਮੌਜੂਦਾ 21 ਦਿਨਾਂ ਦਾ ਲੌਕਡਾਊਨ 14 ਅਪ੍ਰੈਲ ਨੂੰ ਖ਼ਤਮ ਹੋ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੋਰੋਨਾਵਾਇਰਸ ਸੰਕਰਮਣ ਦੇ ਮੱਦੇਨਜ਼ਰ, ਦਿੱਲੀ, ਮੁੰਬਈ, ਭਿਲਵਾੜਾ, ਆਗਰਾ ਵਿੱਚ ਛੋਟੇ ਖੇਤਰਾਂ ਦੀ ਪਛਾਣ ਤੇ ਸੀਲ ਕਰਨ ਦੀ ਰਣਨੀਤੀ ਬਣਾਈ ਗਈ ਹੈ। ਅਗਰਵਾਲ  ਨੇ ਅੱਗੇ ਕਿਹਾ ਕਿ ਭਾਰਤੀ ਰੇਲਵੇ ਨੇ 2500 ਕੋਚਾਂ ਵਿੱਚ 40,000 ਆਈਸੋਲੇਸ਼ਨ ਬੈੱਡ ਤਿਆਰ ਕੀਤੇ ਹਨ। ਉਹ ਹਰ ਰੋਜ਼ 375 ਆਈਸੋਲੇਸ਼ਨ ਬਿਸਤਰੇ ਤਿਆਰ ਕਰ ਰਹੇ ਹਨ ਤੇ ਇਹ ਦੇਸ਼ ਭਰ ‘ਚ 133 ਥਾਂਵਾਂ 'ਤੇ ਚੱਲ ਰਿਹਾ ਹੈ।