ਮਨਵੀਰ ਕੌਰ ਰੰਧਾਵਾ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 10 ਅਪਰੈਲ ਨੂੰ ਮੰਤਰੀ ਮੰਡਲ ਦੀ ਬੈਠਕ ਬੁਲਾਈ ਹੈ। ਬੈਠਕ ‘ਚ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ, ਕਰਫਿਊ ‘ਚ ਢਿੱਲ ਬਾਰੇ ਫੈਸਲਾ ਲਿਆ ਜਾਵੇਗਾ। ਦੂਜੇ ਪਾਸੇ ਪੰਜਾਬ ਕੋਰੋਨਾਵਾਇਰਸ ਨੂੰ ਲੈ ਕੇ ਤੀਜੀ ਸਟੇਜ ‘ਤੇ ਪਹੁੰਚਣ ਵਾਲਾ ਹੈ, ਪਰ ਇਸ ਨੂੰ ਲੈ ਕੇ ਸਿਹਤ ਵਿਭਾਗ ਤੇ ਸਿਹਤ ਮੰਤਰੀ ਬਲਬੀਰ ਸਿੱਧੂ ਵਿੱਚ ਮਤਭੇਦ ਹਨ।

ਸਿੱਧੂ ਦਾ ਮੰਨਣਾ ਹੈ ਕਿ ਪੰਜਾਬ ਲਗਪਗ ਕੋਰੋਨਾਵਾਇਰਸ ਦੀ ਤੀਜੀ ਸਟੇਜ ‘ਚ ਦਾਖਲ ਹੋ ਗਿਆ ਹੈ, ਜਦੋਂਕਿ ਸਿਹਤ ਵਿਭਾਗ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਹੁਣ ਤੱਕ ਸਾਰੇ ਮਰੀਜ਼ ਜੋ ਸਕਾਰਾਤਮਕ ਆਏ ਹਨ, ਉਨ੍ਹਾਂ ਦੀ ਕੇਸ ਹਿਸਟਰੀ ਮਿਲ ਰਹੀ ਹੈ। ਇਸ ਲਈ ਤੀਜੇ ਪੜਾਅ ‘ਤੇ ਜਾਣ ਦੀ ਕੋਈ ਗੱਲ ਨਹੀਂ।

ਸੂਬੇ ਲਈ ਰਾਹਤ ਦੀ ਗੱਲ ਇਹ ਹੈ ਕਿ 24 ਘੰਟਿਆਂ ਵਿੱਚ 10 ਜ਼ਿਲ੍ਹਿਆਂ ਵਿੱਚ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ। ਸਿਹਤ ਵਿਭਾਗ ਦੇ ਡਾਕਟਰ, ਜੋ ਕੋਰੋਨਵਾਇਰਸ ਦੀ ਨਿਗਰਾਨੀ ਕਰ ਰਹੇ ਹਨ, ਮੰਨਦੇ ਹਨ ਕਿ ਬੇਸ਼ੱਕ ਇੱਕ ਦਿਨ ‘ਚ 20 ਮਾਮਲੇ ਹੋਏ ਹਨ, ਪਰ ਇੱਥੇ ਤਬਲੀਗੀ ਜਮਾਤ ਤੇ ਉਹ ਲੋਕ ਹਨ ਜੋ ਕੋਰੋਨਾ ਮਰੀਜ਼ ਦੇ ਸੰਪਰਕ ‘ਚ ਆਏ ਸੀ। ਅਜਿਹੇ ‘ਚ ਇਕੋ ਰਾਹਤ ਦੀ ਗੱਲ ਇਹ ਹੈ ਕਿ ਕਮਿਊਨਿਟੀ ਟ੍ਰਾਂਸਫਰ ਵਰਗੀ ਕੋਈ ਚੀਜ਼ ਨਹੀਂ।

ਸਿੱਧੂ ਦਾ ਕਹਿਣਾ ਹੈ ਕਿ ਐਨਆਰਆਈ ਤੋਂ ਵਾਇਰਸ ਆਉਣ ਦਾ ਦੌਰ ਲਗਪਗ ਖ਼ਤਮ ਹੋ ਗਿਆ ਹੈ। ਹੁਣ ਇੱਥੋਂ ਦੇ ਲੋਕ ਪੀੜਤ ਹੋ ਰਹੇ ਹਨ, ਇਸ ਨਾਲ ਨਜਿੱਠਣਾ ਪਏਗਾ। ਇਹ ਵੀ ਰਾਹਤ ਦੀ ਗੱਲ ਹੈ ਕਿ 14 ਮਰੀਜ਼ ਠੀਕ ਹੋ ਗਏ ਹਨ। ਇਸ ਦੇ ਨਾਲ ਹੀ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਕੋਰੋਨਾਵਾਇਰਸ ਵਿਰੁੱਧ ਲੜਾਈ ਲੜ ਰਿਹਾ ਹੈ ਪਰ ਤਬਲੀਗੀ ਜਮਾਤ ਦੇ ਲੋਕਾਂ ਨੇ ਇਸ ਸਮੱਸਿਆ ਨੂੰ ਹੋਰ ਵਧਾ ਦਿੱਤਾ ਹੈ। ਇਹ ਲੋਕ ਅਜੇ ਵੀ ਅੱਗੇ ਨਹੀਂ ਆ ਰਹੇ। ਜਮਾਤ ਦੇ ਲੋਕ ਨਾ ਸਿਰਫ ਆਪਣੇ ਲਈ, ਬਲਕਿ ਦੂਜਿਆਂ ਲਈ ਵੀ ਮੁਸੀਬਤ ਪੈਦਾ ਕਰ ਰਹੇ ਹਨ।