ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨੀ ਜਨਰਲ ਕਾਸਿਮ ਸੁਲੇਮਾਨੀ ਦੇ ਕਤਲ ਦੇ ਜੋ ਕਾਰਨ ਦੱਸੇ, ਉਸ ਦੇ ਪੱਖ 'ਚ ਹੁਣ ਤਕ ਸਬੂਤ ਪੇਸ਼ ਨਹੀਂ ਕੀਤੇ ਗਏ। ਰਾਸ਼ਟਰਪਤੀ ਟਰੰਪ ਨੇ ਦੋ ਦਿਨ ਪਹਿਲਾਂ ਹੀ ਬਗੈਰ ਸਬੂਤਾਂ ਦੇ ਦਾਅਵਾ ਕੀਤਾ ਸੀ ਕਿ ਜਨਰਲ ਸੁਲੇਮਾਨੀ ਬਗਦਾਦ ਸਥਿਤ ਦੂਤਾਵਾਸ ਦੇ ਨਾਲ ਪੱਛਮੀ ਏਸ਼ੀਆ 'ਚ ਮੌਜੂਦ ਚਾਰ ਅਮਰੀਕੀ ਦੂਤਾਵਾਸਾਂ ਨੂੰ ਨਿਸ਼ਾਨਾ ਬਣਾਉਣ ਵਾਲਾ ਸੀ।

ਜਦਕਿ ਹੁਣ ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਨੇ ਹੀ ਟਰੰਪ ਦੇ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਐਸਪਰ ਨੇ ਐਤਵਾਰ ਨੂੰ ਇੱਕ ਚੈਨਲ ਨੂੰ ਕਿਹਾ, "ਮੇਰੇ ਸਾਹਮਣੇ ਚਾਰ ਦੂਤਾਵਾਸਾਂ 'ਤੇ ਹਮਲੇ ਦੀ ਕੋਈ ਗੱਲ ਨਹੀਂ ਆਈ। ਇਸ ਨਾਲ ਜੁੜੇ ਸਬੂਤ ਨਹੀਂ ਹਨ।" ਜਦਕਿ ਉਨ੍ਹਾਂ ਨੇ ਰਾਸ਼ਟਰਪਤੀ ਦੇ ਬਿਆਨ ਦਾ ਬਚਾਅ ਕਰਦਿਆਂ ਕਿਹਾ, "ਟਰੰਪ ਦੀ ਤਰ੍ਹਾਂ ਮੈਨੂੰ ਵੀ ਲੱਗਦਾ ਸੀ ਕਿ ਉਹ ਸਾਡੇ ਦੂਤਾਵਾਸਾਂ ਨੂੰ ਹੀ ਨਿਸ਼ਾਨਾ ਬਣਾਉਣਗੇ ਕਿਉਂਕਿ ਉਹ ਕਿਸੇ ਵੀ ਦੇਸ਼ 'ਚ ਸਾਡੀ ਤਾਕਤ ਵੇਖਦੇ ਹਨ"

ਟਰੰਪ ਨੇ ਇੱਕ ਇੰਟਰਵਿਊ 'ਚ ਕਿਹਾ ਸੀ, "ਮੈਨੂੰ ਲੱਗਦਾ ਹੈ ਕਿ ਉਹ ਚਾਰ ਦੂਤਾਵਾਸਾਂ 'ਤੇ ਹਮਲੇ ਦੀ ਸਾਜਿਸ਼ ਕਰ ਰਿਹਾ ਸੀ। ਸ਼ਾਇਦ ਬਗਦਾਦ ਸਥਿਤ ਦੂਤਾਵਾਸ 'ਤੇ ਵੀ ਹਮਲੇ ਦੀ ਕੋਸ਼ਿਸ਼ ਸੀ"। ਸੁਲੇਮਾਨੀ ਦੇ ਕਤਲ ਤੋਂ ਇੱਕ ਹਫਤੇ ਬਾਅਦ ਟਰੰਪ ਨੇ ਇਹ ਦਾਅਵਾ ਬਗੈਰ ਸਬੂਤ ਕੀਤਾ ਸੀ।