ਕੇਜਰੀਵਾਲ-ਸਿਸੋਦੀਆ ਨੇ ਪਰਿਵਾਰ ਨਾਲ ਪਾਈ ਵੋਟ, ਦਿੱਲੀਵਾਸੀਆਂ ਨੂੰ ਵੋਟ ਭੁਗਤਾਉਣ ਦੀ ਕੀਤੀ ਅਪੀਲ
ਏਬੀਪੀ ਸਾਂਝਾ | 08 Feb 2020 10:27 AM (IST)
ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ 'ਤੇ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਹੋਵੇਗੀ। ਸਵੇਰ ਤੋਂ ਹੀ ਵੱਡੀ ਗਿਣਤੀ 'ਚ ਵੋਟਰਾਂ ਨੇ ਪੋਲਿੰਗ ਬੂਥ 'ਤੇ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਵੋਟਿੰਗ ਲਈ ਖਾਸ ਤਿਆਰੀ ਕੀਤੀ ਹੈ।
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਪੂਰੇ ਪਰਿਵਾਰ ਸਮੇਤ ਵੋਟ ਪਾਉਣ ਲਈ ਸਿਵਲ ਲਾਈਨਜ਼ ਪੋਲਿੰਗ ਬੂਥ ਪਹੁੰਚੇ। ਆਪਣੀ ਵੋਟ ਪਾਉਣ ਤੋਂ ਪਹਿਲਾਂ ਸੀਐਮ ਕੇਜਰੀਵਾਲ ਨੇ ਉਨ੍ਹਾਂ ਦੇ ਘਰ ਪੂਜਾ ਕੀਤੀ ਅਤੇ ਆਪਣੇ ਮਾਪਿਆਂ ਦੇ ਪੈਰ ਛੂਹ ਆਸ਼ੀਰਵਾਦ ਲਿਆ। ਕੇਜਰੀਵਾਲ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਹਨ। ਕੇਜਰੀਵਾਲ ਨੇ ਸਿਵਲ ਲਾਈਨਜ਼ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਵੀ ਕੀਤੀ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਆਪਣੀ ਪਤਨੀ ਦੇ ਨਾਲ ਪਾਂਡਵ ਨਗਰ ਦੇ ਐਮਸੀਡੀ ਸਕੂਲ ਵਿੱਚ ਆਪਣੀ ਵੋਟ ਪਾਈ, ਮਨੀਸ਼ ਸਿਸੋਦੀਆ ਪਾਤਰਗੰਜ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਹਨ। ਉਧਰ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਆਪਣੇ ਪਰਿਵਾਰ ਨਾਲ ਵੋਟ ਪਾਉਣ ਪਹੁੰਚੇ। ਉਹ ਹਰ ਵਾਰ ਆਪਣੀ ਮਾਂ ਨਾਲ ਵੋਟ ਪਾਉਣ ਜਾਂਦੇ ਹਨ। ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਮਤੀਲਾ ਵਿਧਾਨ ਸਭਾ ਹਲਕੇ ਵਿੱਚ ਆਪਣੀ ਵੋਟ ਪਾਈ। ਉਨ੍ਹਾਂ ਅਪੀਲ ਕੀਤੀ ਹੈ ਕਿ ਇਸ ਵਾਰ ਭਾਜਪਾ ਨੂੰ ਵੋਟ ਦੇ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ। ਇਨ੍ਹਾਂ ਹੀ ਨਹੀਂ ਬਾਲੀਵੁੱਡ ਐਕਟਰਸ ਤਾਪਸੀ ਪਨੂੰ ਨੇ ਆਪਣੇ ਪਰਿਵਾਰ ਨਾਲ ਵੋਟ ਪਾਈ। ਉਨ੍ਹਾਂ ਵੋਟ ਪਾਉਣ ਤੋਂ ਆਪਣੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਵੀ ਕੀਤੀ।