ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ 'ਚ ਕੱਲ 8 ਫਰਵਰੀ ਨੂੰ ਚੋਣਾਂ ਹਨ, ਇਸ ਦਰਮਿਆਨ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਨਾਲ ਜੂੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਅੱਜ ਚੋਣ ਕਮਿਸ਼ਨ ਨੇ ਅਰਵਿੰਦ ਕੇਜਰੀਵਾਲ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਲਈ ਨੋਟਿਸ ਜਾਰੀ ਕੀਤਾ ਹੈ, ਜਿਸ ਦਾ ਜਵਾਬ ਉਨ੍ਹਾਂ ਨੂੰ ਕੱਲ ਸ਼ਾਮ 5 ਵਜੇ ਤੱਕ ਦੇਣਾ ਪਵੇਗਾ।


ਦਰਅਸਲ 2 ਫਰਵਰੀ ਨੂੰ ਕੇਜਰੀਵਾਲ ਨੇ ਆਪਣੇ ਟਵੀਟਰ ਅਕਾਉਂਟ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਸੀ, ਜਿਸ 'ਚ ਆਰੋਪ ਲਗਾਇਆ ਗਿਆ ਸੀ ਕਿ ਬਾਕੀ ਪਾਰਟੀਆਂ ਤੇ ਮੀਡੀਆ ਹਿੰਦੂ-ਮੁਸਲਮਾਨ, ਮੰਦਿਰ-ਮਸਜਿਦ ਤੇ ਸੀਏਏ-ਐਨਆਰਸੀ ਕਰ ਰਹੀਆਂ ਹਨ, ਜਦਕਿ ਅਰਵਿੰਦ ਕੇਜਰੀਵਾਲ ਕੰਮ ਦੇ ਮੁੱਦਿਆਂ 'ਤੇ ਗੱਲ ਕਰ ਰਹੇ ਹਨ।

ਇਸ ਵੀਡੀਓ ਖ਼ਿਲਾਫ਼ ਬੀਜੇਪੀ ਨੇ 4 ਫਰਵਰੀ ਨੂੰ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਅੱਜ ਕਮਿਸ਼ਨ ਨੇ ਕੇਜਰੀਵਾਲ ਨੂੰ ਨੋਟਿਸ ਜਾਰੀ ਕਰਕੇ ਜੁਆਬ ਮੰਗਿਆ ਹੈ। ਚੋਣ ਕਮਿਸ਼ਨ ਦੇ ਨੋਟਿਸ ਮੁਤਾਬਕ ਇਸ ਵੀਡੀਓ 'ਚ ਸਮਾਜਿਕ ਸਦਭਾਵਨਾ ਨੂੰ ਵਿਗਾੜਣ, ਸਮਾਜਿਕ ਤੇ ਧਾਰਮਿਕ ਭਾਈਚਾਰੇ ਵਿੱਚ ਮੌਜੂਦ ਮੱਤ-ਭੇਦਾਂ ਨੂੰ ਵਧਾਵਾ ਦੇਣ ਤੇ ਵੋਟ ਹਾਸਿਲ ਕਰਨ ਲਈ ਫਿਰਕੂ ਭਾਵਨਾਵਾਂ ਨੂੰ ਭੜਕਾਉਣ ਦੀ ਯੋਗਤਾ ਹੈ।