ਅੰਮ੍ਰਿਤਸਰ: ਪੁਲਿਸ ਵੱਲੋਂ ਜੇਲ੍ਹ ਦੀ ਕੰਦ ਤੋੜ ਕੇ ਭੱਜੇ ਤਿੰਨ ਕੈਦੀਆਂ 'ਚੋਂ ਦੋ ਨੂੰ ਕਾਬੂ ਕਰ ਲਿਆ ਗਿਆ ਹੈ। ਦੋਨੋਂ ਭਰਾ ਗੁਰਪ੍ਰੀਤ ਸਿੰਘ ਤੇ ਜਰਨੈਲ ਸਿੰਘ ਚੋਰੀ ਦੇ ਕੇਸ 'ਚ ਜੇਲ੍ਹ 'ਚ ਬੰਦ ਸੀ, ਜਦਕਿ ਤੀਸਰਾ ਮੁਲਜ਼ਮ ਵਿਸ਼ਾਲ ਰੇਪ ਦੇ ਮਾਮਲੇ 'ਚ ਬੰਦ ਸੀ। ਇਹ ਤਿੰਨੇ ਬੀਤੇ ਦਿਨੀਂ ਜੇਲ੍ਹ ਦੀ ਕੰਦ ਤੋੜ ਕੇ ਫਰਾਰ ਹੋ ਗਏ ਸੀ। ਇਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਨੂੰ ਹੁਣ ਛਾਪੇਮਾਰੀ ਦੌਰਾਨ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਜਰਲੈਲ ਸਿੰਘ ਪਿੰਡ ਨੰਗਲ ਤੋਂ ਆਨੰਦਪੁਰ ਸਾਹਿਬ ਲਈ ਫਰਾਰ ਹੋ ਰਿਹਾ ਸੀ ਜਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ।

ਜਰਨੈਲ ਤੋਂ ਪੁੱਛਗਿੱਛ ਦੌਰਾਨ ਪਤਾ ਚੱਲਿਆ ਕਿ ਉਸ ਦਾ ਭਰਾ ਗੁਰਪ੍ਰੀਤ ਤਰਨ ਤਾਰਨ 'ਚ ਕਿਸੇ ਦੋਸਤ ਦੇ ਘਰ ਲੁਕਿਆ ਹੋਇਆ ਹੈ। ਪੁਲਿਸ ਨੇ ਗੁਰਪ੍ਰੀਤ ਨੂੰ ਦਬੋਚਣ ਲਈ ਦੋਸਤ ਦੇ ਘਰ ਛਾਪੇਮਾਰੀ ਕੀਤੀ ਤਾਂ ਪੁਲਿਸ ਤੋਂ ਬਚਣ ਲਈ ਉਸ ਨੇ ਇੱਕ ਮੁਲਾਜ਼ਮ ਦੇ ਮੂੰਹ 'ਤੇ ਚਾਹ ਪਾ ਦਿੱਤੀ ਤੇ ਆਪ ਬਚਣ ਲਈ ਛੱਤ ਤੋਂ ਛਾਲ ਮਾਰ ਦਿੱਤੀ। ਇਸ ਦੌਰਾਨ ਮੁਲਾਜ਼ਮ ਜ਼ਖਮੀ ਹੋ ਗਿਆ।

ਹੇਠਾਂ ਇੱਟਾਂ ਦਾ ਢੇਰ ਹੋਣ ਕਰਕੇ ਉਹ ਡਿੱਗ ਗਿਆ ਤੇ ਪੁਲਿਸ ਨੇ ਉਸ ਨੂੰ ਦਬੋਚ ਲਿਆ। ਫਿਲਹਾਲ ਪੁਲਿਸ ਨੇ ਜਰਨੈਲ ਤੇ ਗੁਰਪ੍ਰੀਤ ਸਮੇਤ ਇਨ੍ਹਾਂ ਦੀ ਮਦਦ ਕਰਨ ਵਾਲੇ ਦੋਸਤਾਂ ਨੂੰ ਕਾਬੂ ਕਰ ਲਿਆ ਹੈ ਤੇ ਤੀਸਰੇ ਮੁਲਜ਼ਮ ਵਿਸ਼ਾਲ ਦੀ ਭਾਲ ਕੀਤੀ ਜਾ ਰਹੀ ਹੈ।