ਨਵੀਂ ਦਿੱਲੀ: ਦਿੱਲੀ ਅਸੈਂਬਲੀ ਦੀਆਂ 70 ਸੀਟਾਂ 'ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਹੋਵੇਗੀ। ਸਵੇਰ ਤੋਂ ਹੀ ਵੱਡੀ ਗਿਣਤੀ 'ਚ ਵੋਟਰਾਂ ਨੇ ਪੋਲਿੰਗ ਬੂਥ 'ਤੇ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਵੋਟਿੰਗ ਲਈ ਵਿਸ਼ੇਸ਼ ਤਿਆਰੀ ਕੀਤੀ ਹੈ। ਬਜ਼ੁਰਗ ਅਤੇ ਅਪਾਹਜਾਂ ਵੋਟਰਾਂ ਨੂੰ ਘਰ ਤੋਂ ਲਿਆਂਦਾ ਜਾਵੇਗਾ ਅਤੇ ਛੱਡਣ ਦਾ ਪ੍ਰਬੰਧ ਕੀਤਾ ਗਿਆ ਹੈ। ਵੋਟ ਪਾਉਣ ਲਈ 13 ਹਜ਼ਾਰ 750 ਪੋਲਿੰਗ ਸਟੇਸ਼ਨ ਬਣਾਏ ਗਏ ਹਨ। 70 ਸੀਟਾਂ ਲਈ 672 ਉਮੀਦਵਾਰ ਮੈਦਾਨ 'ਚ ਹਨ। ਇਨ੍ਹਾਂ ਵਿੱਚ 148 ਆਜ਼ਾਦ ਉਮੀਦਵਾਰ ਸ਼ਾਮਲ ਹਨ।


ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ,"ਕਿਰਪਾ ਕਰਕੇ ਵੋਟ ਪਾਉਣ ਜਾਓ। ਸਾਰੀਆਂ ਔਰਤਾਂ ਨੂੰ ਇੱਕ ਖਾਸ ਅਪੀਲ, ਜਿਵੇਂ ਕਿ ਤੁਸੀਂ ਘਰ ਦੀ ਜ਼ਿੰਮੇਵਾਰੀ ਲੈਂਦੇ ਹੋ, ਇਸੇ ਤਰ੍ਹਾਂ ਦੇਸ਼ ਅਤੇ ਦਿੱਲੀ ਦੀ ਜ਼ਿੰਮੇਵਾਰੀ ਵੀ ਤੁਹਾਡੇ ਮੋਢਿਆਂ 'ਤੇ ਹੈ। ਤੁਹਾਨੂੰ ਸਾਰਿਆਂ ਨੂੰ ਵੋਟ ਪਾਉਣ ਜਾਣਾ ਚਾਹੀਦਾ ਹੈ ਅਤੇ ਆਪਣੇ ਘਰ ਦੇ ਆਦਮੀਆਂ ਨੂੰ ਵੀ ਨਾਲ ਲੈ ਕੇ ਜਾਣਾ ਚਾਹੀਦਾ ਹੈ। ਆਦਮੀਆਂ ਨਾਲ ਗੱਲਬਾਤ ਕਰ ਤੈਅ ਕਰੋ ਕੀ ਕਿਸ ਨੂੰ ਵੋਟ ਦੇਣਾ ਸਹੀ ਹੈ।”

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਲਿਖੀਆ, “ਅੱਜ ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦਾ ਦਿਨ ਹੈ। ਮੇਰੀ ਸਾਰੇ ਵੋਟਰਾਂ ਨੂੰ ਅਪੀਲ ਹੈ ਕਿ ਉਹ ਲੋਕਤੰਤਰ ਦੇ ਇਸ ਤਿਉਹਾਰ 'ਚ ਵੱਧ ਤੋਂ ਵੱਧ ਗਿਣਤੀ ਵਿਚ ਹਿੱਸਾ ਲੈਣ ਅਤੇ ਇੱਕ ਨਵਾਂ ਵੋਟਿੰਗ ਰਿਕਾਰਡ ਕਾਇਮ ਕਰਨ।”

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, “ਦਿੱਲੀ ਨੂੰ ਸਵੱਛ ਹਵਾ, ਸਾਫ ਪੀਣ ਵਾਲੇ ਪਾਣੀ ਅਤੇ ਹਰ ਗਰੀਬ ਵਿਅਕਤੀ ਨੂੰ ਆਪਣਾ ਘਰ ਦੇ ਕੇ, ਵਿਸ਼ਵ ਦੀ ਸਰਬੋਤਮ ਰਾਜਧਾਨੀ ਸਿਰਫ ਇੱਕ ਦੂਰਦਰਸ਼ੀ ਸੋਚ ਅਤੇ ਮਜ਼ਬੂਤ ਇਰਾਦਿਆਂ ਨਾਲ ਸਰਕਾਰ ਬਣਾ ਸਕਦੀ ਹੈ। ਮੈਂ ਦਿੱਲੀ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਦਿੱਲੀ ਨੂੰ ਝੂਠ ਅਤੇ ਵੋਟ ਬੈਂਕ ਦੀ ਰਾਜਨੀਤੀ ਤੋਂ ਮੁਕਤ ਕਰਨ ਲਈ ਵੋਟ ਪਾਉਣ।"