ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਯਕਦਮ ਆਏ ਹੜ੍ਹ ਕਾਰਨ ਦੇਸ਼ ਦੀ ਰਾਜਧਾਨੀ ਦਿੱਲੀ ਦੇ ਹਾਲਾਤ ਵਿਗੜਦੇ ਜਾ ਰਹੇ ਹਨ। ਇਸੇ ਦਰਮਿਆਨ ਵਧਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਚਾਂਦਨੀ ਚੌਕ ਦੇ ਵਪਾਰ ਮੰਡਲ ਨੇ ਵੱਡਾ ਫੈਸਲਾ ਲਿਆ ਹੈ। ਵਪਾਰੀਆਂ ਨੇ 25 ਅਪ੍ਰੈਲ ਤੱਕ ਆਪਣੀ ਮਰਜ਼ੀ ਨਾਲ ਚਾਂਦਨੀ ਚੌਕ ਬਾਜ਼ਾਰ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਹੈ।
ਇਹ ਫੈਸਲਾ ਸਿਰਫ ਚਾਂਦਨੀ ਚੌਕ ਮਾਰਕਿਟ ਐਸੋਸੀਏਸ਼ਨ ਨੇ ਹੀ ਨਹੀਂ ਬਲਕਿ ਖਾਰੀ ਬਾਓਲੀ ਮਾਰਕਿਟ ਦੇ ਦਿੱਲੀ ਕਿਰਾਨਾ ਕਮੇਟੀ ਤੇ ਤਿਲਕ ਬਾਜ਼ਾਰ ਕੈਮੀਕਲ ਮਰਚੈਂਟ ਐਸੋਸੀਏਸ਼ਨ ਨੇ ਵੀ 21 ਅਪ੍ਰੈਲ ਤੱਕ ਬਾਜ਼ਾਰ ਬੰਦ ਰੱਖਣ ਦਾ ਫੈਸਲਾ ਕੀਤਾ ਹੈ।
ਬੈਠਕ ਵਿੱਚ ਲਿਆ ਫੈਸਲਾ
ਚਾਂਦਨੀ ਚੌਕ ਦੀ ਵਪਾਰ ਕਮੇਟੀ ਦੇ ਪ੍ਰਧਾਨ ਸੰਜੈ ਭਾਰਗਵ ਨੇ ਕਿਹਾ ਕਿ ਅੱਜ ਚਾਂਦਨੀ ਚੌਕ ਸਰਬ ਵਪਾਰ ਮੰਡਲ ਦੀ ਹੰਗਾਮੀ ਬੈਠਕ ਸੱਦੀ ਗਈ। ਬੈਠਕ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਕੋਰੋਨਾ ਵਾਇਰਸ ਦੀ ਵਧਦੀ ਲਾਗ ਨੂੰ ਦੇਖਦਿਆਂ 25 ਅਪ੍ਰੈਲ ਤੱਕ ਮਾਰਕਿਟ ਬੰਦ ਰੱਖੀ ਜਾਵੇ।
ਭਾਰਗਵ ਨੇ ਦੱਸਿਆ ਕਿ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ, ਅਜਿਹੇ ਵਿੱਚ ਇਸ ਦੇ ਪਸਾਰ ਨੂੰ ਠੱਲ੍ਹ ਪਾਉਣ ਲਈ ਵਪਾਰੀਆਂ ਨੇ ਬਾਜ਼ਾਰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਬਾਜ਼ਾਰ ਖੋਲ੍ਹਣ ਬਾਰੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਅਗਲੇ ਐਤਵਾਰ ਕਮੇਟੀ ਦੀ ਬੈਠਕ ਵਿੱਚ ਫੈਸਲਾ ਕੀਤਾ ਜਾਵੇਗਾ।
ਦਿੱਲੀ ਦਾ ਸਭ ਤੋਂ ਵੱਧ ਚਹਿਲ-ਪਹਿਲ ਵਾਲਾ ਇਲਾਕਾ ਹੈ ਚਾਂਦਨੀ ਚੌਕ
ਦੱਸਣਾ ਬਣਦਾ ਹੈ ਕਿ ਚਾਂਦਨੀ ਚੌਕ ਦਿੱਲੀ ਦਾ ਸਭ ਤੋਂ ਵੱਧ ਭੀੜ-ਭਾੜ ਵਾਲਾ ਇਲਾਕਾ ਹੈ। ਇੱਥੇ ਸਮਾਨ ਦੀ ਖਰੀਦਦਾਰੀ ਕਰਨ ਲਈ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਉਂਦੇ ਹਨ। ਅਜਿਹੇ ਵਿੱਚ ਭੀੜ-ਭੜੱਕੇ ਵਾਲੇ ਇਸ ਬਾਜ਼ਾਰ ਵਿੱਚ ਕੋਰੋਨਾ ਦੀ ਲਾਗ ਲੱਗਣ ਦਾ ਖ਼ਦਸ਼ਾ ਕਿਤੇ ਵੱਧ ਹੈ।
ਦਿੱਲੀ ਵਿੱਚ ਰਿਕਾਰਡ ਮਾਮਲੇ
ਜ਼ਿਕਰਯੋਗ ਹੈ ਕਿ 18 ਅਪ੍ਰੈਲ ਨੂੰ ਪਿਛਲੇ 24 ਘੰਟਿਆਂ ਦੌਰਾਨ 25,462 ਨਵੇਂ ਮਾਮਲੇ ਸਾਹਮਣੇ ਆਏ ਹਨ। ਕੋਰੋਨਾਵਾਇਰਸ 161 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ।