ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਲਈ ਸੱਤਾਧਾਰੀ ਆਮ ਆਦਮੀ ਪਾਰਟੀ ਜ਼ੋਰ-ਸ਼ੋਰ ਨਾਲ ਚੋਣਾਂ ਦੇ ਪ੍ਰਚਾਰ 'ਚ ਡਟੀ ਹੋਈ ਹੈ। ਪਾਰਟੀ ਦੇ ਤਮਾਮ ਛੋਟੇ-ਵੱਡੇ ਨੇਤਾ ਪ੍ਰੈੱਸ ਕਾਨਫਰੰਸ, ਜਨ ਸਭਾਵਾਂ ਤੇ ਰੋਡ ਸ਼ੋਅ ਕਰ ਜਨਤਾ ਨੂੰ ਆਪਣੇ ਹੱਕ 'ਚ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਹਨ। ਇਸੇ ਦੌਰਾਨ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਵੀ ਬਾਈਕ ਰੈਲੀ ਕੱਢੀ ਗਈ ਜਿਸ ਦੀ ਖੂਬ ਨਿਖੇਧੀ ਹੋ ਰਹੀ ਹੈ।


ਅਸਲ 'ਚ ਕੱਲ੍ਹ ਦਿੱਲੀ ਦੇ ਪਹਾੜਗੰਜ ਇਲਾਕੇ 'ਚ ਗਣਤੰਤਰ ਦਿਹਾੜਾ ਮਨਾਇਆ ਗਿਆ ਜਿਸ ਮੌਕੇ ਮਨੀਸ਼ ਨੇ ਆਪਣੇ ਸਮਰਥਕਾਂ ਨਾਲ ਬਾਈਕ ਰੈਲੀ ਕੀਤੀ। ਇਸ ਬਾਈਕ ਰੈਲੀ 'ਚ ਮਨੀਸ਼ ਨੇ ਹੈਲਮੈਟ ਨਹੀਂ ਪਾਇਆ। ਸਿਸੋਦੀਆ ਹੀ ਨਹੀਂ ਸਗੋਂ ਰੈਲੀ 'ਚ ਮੌਜੂਦ ਕਈ ਬਾਈਕ ਸਵਾਰ ਲੋਕ ਬਗੈਰ ਹੈਲਮੈਟ ਨਜ਼ਰ ਆਏ।


ਇਸ 'ਤੇ ਹੁਣ ਸਿਸੋਦੀਆ ਦੀ ਸੋਸ਼ਲ ਮੀਡੀਆ 'ਤੇ ਖੂਬ ਨਿਖੇਧੀ ਹੋ ਰਹੀ ਹੈ। ਕਈ ਲੋਕਾਂ ਨੇ ਉਨ੍ਹਾਂ ਦੇ ਸਿੱਖਿਆ ਮੰਤਰੀ ਹੋਣ 'ਤੇ ਹੀ ਸਵਾਲ ਖੜ੍ਹੇ ਕਰ ਦਿੱਤੇ। ਜਦਕਿ ਕੁਝ ਨੇ ਪੁੱਛਿਆ ਕਿ ਤੁਹਾਨੂੰ ਟ੍ਰੈਫਿਕ ਨਿਯਮ ਤੋੜਨ ਦਾ ਅਧਿਕਾਰ ਕਿਸ ਨੇ ਦਿੱਤਾ?