ਨਵੀਂ ਦਿੱਲੀ: ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ 'ਚ ਬੁਰਾੜੀ ਅਤੇ ਓਖਲਾ ਵਿਧਾਨ ਸਭਾ ਸੀਟ ਤੋਂ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਝਾ ਨੇ ਬੁਰਾੜੀ ਸੀਟ ਤੋਂ ਆਪਣਾ ਰਿਕਾਰਡ ਤੋੜ ਦਿੱਤਾ। ਸੰਜੀਵ ਝਾ ਨੇ ਪਿਛਲੀ ਵਾਰ 67950 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ ਅਤੇ ਇਸ ਵਾਰ ਉਸ ਨੇ 88,158 ਵੋਟਾਂ ਨਾਲ ਜਿੱਤ ਦਰਜ ਕਰਵਾਈ। ਸੰਜੀਵ ਝਾ ਨੇ ਜੇਡੀਯੂ ਦੇ ਸ਼ੈਲੇਂਦਰ ਕੁਮਾਰ ਨੂੰ ਹਰਾਇਆ ਹੈ।

ਇਸ ਦੇ ਨਾਲ ਹੀ, ਓਖਲਾ ਸੀਟ ਤੋਂ 'ਆਪ' ਉਮੀਦਵਾਰ ਅਮਨਤੁੱਲਾ ਖ਼ਾਨ ਨੇ ਭਾਜਪਾ ਦੇ ਬ੍ਰਹਮਾ ਸਿੰਘ ਨੂੰ 71,827 ਵੋਟਾਂ ਨਾਲ ਹਰਾਇਆ। ਇਸ ਸੀਟ ਦੇ ਤਹਿਤ ਸ਼ਾਹੀਨ ਬਾਗ ਦਾ ਖੇਤਰ ਆਉਂਦਾ ਹੈ, ਜੋ ਸੀਏਏ ਦੇ ਵਿਰੋਧ ਕਾਰਨ ਚੋਣਾਂ 'ਚ ਮੁੱਖ ਮੁੱਦਾ ਬਣ ਗਿਆ ਸੀ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਅਮਾਨਤੁੱਲਾਹ ਖ਼ਾਨ ਦੀ ਵੋਟ ਹਿੱਸੇਦਾਰੀ 66.03 ਪ੍ਰਤੀਸ਼ਤ ਹੈ। ਭਾਜਪਾ ਦੇ ਬ੍ਰਹਮਾ ਸਿੰਘ ਨੂੰ 29.65 ਪ੍ਰਤੀਸ਼ਤ ਵੋਟਾਂ ਮਿਲੀਆਂ। ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਅਮਾਨਤੁੱਲਾ ਖ਼ਾਨ 64532 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਿਹਾ।

ਮਟੀਆ ਮਹਿਲ ਅਤੇ ਸੀਮਾਪੁਰੀ ਤੋਂ ‘ਆਪ’ ਉਮੀਦਵਾਰ ਸ਼ੋਇਬ ਇਕਬਾਲ ਅਤੇ ਰਾਜਿੰਦਰ ਪਾਲ ਗੌਤਮ ਨੇ ਆਪਣੇ ਨੇੜਲੇ ਉਮੀਦਵਾਰਾਂ ਨੂੰ ਤਕਰੀਬਨ 50,000 ਵੋਟਾਂ ਨਾਲ ਹਰਾਇਆ। ਭਾਜਪਾ ਦਾ ਅਜੈ ਮਹਾਵਰ ਇਕੱਲਾ ਅਜਿਹਾ ਭਾਜਪਾ ਉਮੀਦਵਾਰ ਸੀ ਜਿਸ ਨੇ ਘੋਂਡਾ ਸੀਟ ਤੋਂ ਤਕਰੀਬਨ 20,000 ਵੋਟਾਂ ਦੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ।