ਨਵੀਂ ਦਿੱਲੀ: ਦਿੱਲੀ ਦੇ ਪੀਰਾਗੜੀ ਇਲਾਕੇ 'ਚ ਇੱਕ ਫੈਕਟਰੀ 'ਚ ਵੀਰਵਾਰ ਸਵੇਰੇ ਅੱਗ ਲੱਗ ਗਈ। ਰੈਸਕਿਊ ਆਪ੍ਰੇਸ਼ਨ ਦੌਰਾਨ ਹੀ ਫੈਕਟਰੀ 'ਚ ਧਮਾਕਾ ਹੋ ਗਿਆ ਜਿਸ ਨਾਲ ਉਸ ਦੀ ਇਮਾਰਤ ਦਾ ਇੱਕ ਹਿੱਸਾ ਢਹਿ ਗਿਆ। ਦੱਸਿਆ ਜਾ ਰਿਹਾ ਹੈ ਕਿ ਫੈਕਟਰੀ 'ਚ ਅਜੇ ਤਕ ਫਾਇਰ ਬ੍ਰਿਗੇਡ ਵਿਭਾਗ ਦੇ ਕਰਮੀਆਂ ਸਣੇ ਕੁਝ ਲੋਕ ਫਸੇ ਹੋਏ ਹਨ। ਫਿਲਹਾਲ ਅੱਗ ਬੁਝਾਉਣ ਫਾਇਰ ਬ੍ਰਿਗੇਡ ਦੀਆਂ 35 ਗੱਡੀਆਂ ਮੌਕੇ 'ਤੇ ਮੌਜੂਦ ਹਨ।


ਉਧਰ, ਅੱਗ ਬੁਝਾਊ ਵਿਭਾਗ ਦੇ ਕਰਮੀਆਂ ਨੇ ਰੈਸਕਿਊ ਲਈ ਐਨਡੀਆਰਐਫ ਦੀ ਟੀਮ ਨੂੰ ਮਦਦ ਲਈ ਬੁਲਾਇਆ ਹੈ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਹਾਲਾਤ 'ਤੇ ਨਜ਼ਰ ਬਣਾਈ ਹੋਈ ਹੈ। ਫਾਇਰ ਬ੍ਰਿਗੇਡ ਆਪਣੇ ਸਾਥੀਆਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਫਸੇ ਹੋਏ ਲੋਕਾਂ ਲਈ ਦੁਆ।

ਦਿੱਲੀ ਅੱਗ ਬੁਝਾਊ ਵਿਭਾਗ ਦੇ ਮੁਖੀ ਅਤੁੱਲ ਗਰਗ ਮੁਤਾਬਕ ਫੈਕਟਰੀ 'ਚ ਅੱਗ ਲੱਗਣ ਦੀ ਖ਼ਬਰ ਸਵੇਰੇ 4:23 ਵਜੇ ਪਤਾ ਲੱਗੀ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਸੱਤ ਗੱਡੀਆਂ ਮੌਕੇ 'ਤੇ ਰਵਾਨਾ ਹੋਈਆਂ। ਜਦਕਿ ਅੱਗ ਤੋਂ ਬਾਅਦ ਫੈਕਟਰੀ ਦੇ ਇੱਕ ਹਿੱਸੇ 'ਚ ਅਚਾਨਕ ਧਮਾਕਾ ਹੋ ਗਿਆ ਜਿਸ ਨਾਲ ਇਮਾਰਤ ਢਹਿ ਗਈ ਤੇ ਅੱਗ ਬੁਝਾਊ ਕਰਮੀਆਂ ਸਣੇ ਕੁਝ ਹੋਰ ਲੋਕ ਉਸ 'ਚ ਫਸ ਗਏ। ਇਮਾਰਤ 'ਚ ਕੁੱਲ ਕਿੰਨੇ ਲੋਕ ਫਸੇ ਹਨ ਇਹ ਅਜੇ ਸਾਫ਼ ਨਹੀਂ ਹੈ।