ਦਿੱਲੀ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਦਿੱਲੀ ਅਧਾਰਤ ਆਈਪੀਐਲ ਫਰੈਂਚਾਈਜ਼ੀ, ਦਿੱਲੀ ਕੈਪੀਟਲਸ ਨੂੰ ਆਪਣੇ ਘਰੇਲੂ ਮੈਦਾਨ ਲਈ ਕਿਸੇ ਹੋਰ ਸੂਬੇ 'ਚ ਥਾਂ ਲੱਭਣੀ ਪਵੇਗੀ। ਦਿੱਲੀ ਦੀਆਂ ਕੈਪੀਟਲਸ ਨੇ ਆਪਣੇ ਸੱਤ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਣੇ ਸੀ।
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਰਾਜ ਵਿੱਚ ਆਈਪੀਐਲ ਮੈਚਾਂ ‘ਤੇ ਰੋਕ ਲਾਉਣ ਦਾ ਐਲਾਨ ਕੀਤਾ ਹੈ।
ਦਿੱਲੀ ਵਿੱਚ ਆਈਪੀਐਲ ਦਾ ਇੱਕ ਵੀ ਮੈਚ ਨਹੀਂ ਹੋਵੇਗਾ। ਜੇ ਕੋਈ ਕੋਰੋਨਾਵਾਇਰਸ ਦਾ ਸ਼ਿਕਾਰ ਸਟੇਡੀਅਮ ‘ਚ ਪਹੁੰਚਦਾ ਹੈ, ਤਾਂ ਇਹ ਜੋਖ਼ਮ ਨੂੰ ਹੋਰ ਵਧਾ ਦੇਵੇਗਾ। ਇਸੇ ਲਈ ਅਸੀਂ ਦਿੱਲੀ ਵਿੱਚ ਆਈਪੀਐਲ ਮੈਚਾਂ ‘ਤੇ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ।- ਮਨੀਸ਼ ਸਿਸੋਦੀਆ, ਉੱਪ ਮੁੱਖ ਮੰਤਰੀ
ਇਸ ਤੋਂ ਪਹਿਲਾਂ ਵੀਰਵਾਰ ਨੂੰ ਮਹਾਰਾਸ਼ਟਰ ਸਰਕਾਰ ਨੇ ਸੂਬੇ ਵਿੱਚ ਆਈਪੀਐਲ ਟਿਕਟਾਂ ਦੀ ਵਿਕਰੀ 'ਤੇ ਪਾਬੰਦੀ ਲਾ ਦਿੱਤੀ ਸੀ। ਮਹਾਰਾਸ਼ਟਰ ਸਰਕਾਰ ਨੇ ਕਿਹਾ ਕਿ ਰਾਜ 'ਚ ਆਈਪੀਐਲ ਦੇ ਸਾਰੇ ਮੈਚ ਬੰਦ ਦਰਵਾਜ਼ਿਆਂ ਵਿਚ ਖੇਡੇ ਜਾਣਗੇ।
ਜਦਕਿ ਕੋਰੋਨਾਵਾਇਰਸ ਕਰਕੇ ਆਈਪੀਐਲ ਮੁਲਤਵੀ ਕਰਨ ਦਾ ਕੋਈ ਅੰਤਮ ਫੈਸਲਾ ਨਹੀਂ ਲਿਆ ਗਿਆ। ਹਾਲਾਂਕਿ ਸ਼ਨੀਵਾਰ ਨੂੰ ਆਈਪੀਐਲ ਗਵਰਨਿੰਗ ਕੌਂਸਲ ਦੀ ਇੱਕ ਬੈਠਕ ਹੈ, ਜਿਸ 'ਚ ਇਸ ਸੀਜ਼ਨ ਨੂੰ ਮੁਲਤਵੀ ਕਰਨ ਜਾਂ ਇਸ ਨੂੰ ਬੰਦ ਦਰਵਾਜ਼ਿਆਂ ਵਿੱਚ ਰੱਖਣ ਬਾਰੇ ਇੱਕ ਵੱਡਾ ਫੈਸਲਾ ਹੋ ਸਕਦਾ ਹੈ।