ਚੰਡੀਗੜ੍ਹ: ਕੋਰੋਨਾਵਾਇਰਸ ਪੂਰੀ ਦੁਨੀਆ 'ਚ ਲਗਾਤਾਰ ਤਬਾਹੀ ਮਚਾ ਰਿਹਾ ਹੈ। ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਹਰ ਦਿਨ ਲਗਾਤਾਰ ਵਧ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਕਾਰਨ 321 ਵਿਅਕਤੀਆਂ ਦੀ ਮੌਤ ਹੋਈ ਹੈ। ਜੇ ਹੁਣ ਤੱਕ ਹੋਈਆਂ ਮੌਤਾਂ ਦੀ ਗੱਲ ਕਰੀਏ ਤਾਂ ਇਹ ਅੰਕੜਾ 5000 ਦੇ ਨੇੜੇ ਪਹੁੰਚ ਗਿਆ ਹੈ। ਕੋਰੋਨਾ ਨਾਲ ਹੁਣ ਤੱਕ 4,973 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਜਾਣੋ ਚੀਨ ਸਣੇ ਕਿਸ ਦੇਸ਼ 'ਚ ਕਿੰਨਾ ਮਾੜਾ ਹਾਲ, ਇਟਲੀ 'ਚ 1000 ਤੋਂ ਵੱਧ ਮੌਤਾਂ
ਚੀਨ ਤੋਂ ਇਸ ਖ਼ਤਰਨਾਕ ਵਾਇਰਸ ਦੀ ਸ਼ੁਰੂਆਤ ਹੋਈ। ਉੱਥੇ ਇਸ ਕਾਰਨ 3170 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ, ਚੀਨ ਵਿੱਚ ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ ਕਮੀ ਆਈ ਹੈ। ਹੁਣ ਇਸ ਦੇ ਸਿਰਫ 4 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ 80 ਹਜ਼ਾਰ ਤੋਂ ਵੱਧ ਲੋਕ ਚੀਨ ਵਿੱਚ ਕੋਰੋਨਾ ਨਾਲ ਸੰਕਰਮਿਤ ਹੋਏ ਹਨ ਤੇ 14,753 ਲੋਕ ਅਜੇ ਵੀ ਡਾਕਟਰੀ ਨਿਗਰਾਨੀ ਹੇਠ ਹਨ।
ਚੀਨ ਤੋਂ ਇਲਾਵਾ ਇਟਲੀ 'ਚ ਮਰਨ ਵਾਲਿਆਂ ਦੀ ਗਿਣਤੀ 1000 ਨੂੰ ਪਾਰ ਕਰ ਗਈ ਹੈ। ਇਟਲੀ 'ਚ ਹੁਣ ਤਕ 1016 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ 'ਚ ਵੀ 2651 ਨਵੇਂ ਕੇਸ ਸਾਹਮਣੇ ਆਏ ਹਨ। ਇਰਾਨ, ਦੱਖਣੀ ਕੋਰੀਆ ਤੇ ਸਪੇਨ ਇਟਲੀ ਤੋਂ ਬਾਅਦ ਸਭ ਤੋਂ ਮਾੜੇ ਹਾਲਾਤ 'ਚ ਹਨ। ਇਰਾਨ ਵਿੱਚ 429, ਦੱਖਣੀ ਕੋਰੀਆ 'ਚ 67, ਸਪੇਨ 'ਚ 86 ਮੌਤਾਂ ਹੋਈਆਂ ਹਨ।
ਕੈਲੀਫੋਰਨੀਆ ਵਿੱਚ ਡਿਜ਼ਨੀਲੈਂਡ ਬੰਦ:
ਕੈਲੀਫੋਰਨੀਆ 'ਚ ਡਿਜ਼ਨੀਲੈਂਡ ਨੂੰ ਸ਼ਨੀਵਾਰ ਤੋਂ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਇੱਥੇ ਲੱਖਾਂ ਯਾਤਰੀ ਹਰ ਰੋਜ਼ ਆਉਂਦੇ ਹਨ। ਇਹ ਮਾਰਚ ਦੇ ਅੰਤ ਤੱਕ ਬੰਦ ਰਹੇਗਾ।
ਕੈਲੀਫੋਰਨੀਆ ਦੇ ਰਾਜਪਾਲ ਦੇ ਕਾਰਜਕਾਰੀ ਆਦੇਸ਼ਾਂ ਤੇ ਆਪਣੇ ਮਹਿਮਾਨਾਂ ਤੇ ਕਰਮਚਾਰੀਆਂ ਦੇ ਹਿੱਤ ਵਿੱਚ ਧਿਆਨ ਨਾਲ ਵਿਚਾਰਨ ਤੋਂ ਬਾਅਦ, ਅਸੀਂ 'ਡਿਜ਼ਨੀਲੈਂਡ ਪਾਰਕ' ਤੇ 'ਡਿਜ਼ਨੀਲੈਂਡ ਕੈਲੀਫੋਰਨੀਆ ਐਡਵੈਂਚਰ' ਬੰਦ ਕਰ ਰਹੇ ਹਾਂ।- ਡਿਜ਼ਨੀਲੈਂਡ ਅਧਿਕਾਰੀ
ਸਪੇਨ ਦੇ ਮੰਤਰੀ ਕੋਰੋਨਾਵਾਇਰਸ ਤੋਂ ਪੀੜਤ:
ਸਪੇਨ ਦੀ ਮੰਤਰੀ ਆਇਰੀਨ ਮੌਂਟੇਰੋ ਵੀ ਕੋਰੋਨਾ ਤੋਂ ਪ੍ਰਭਾਵਿਤ ਹੋ ਗਈ ਹੈ। ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਇਕਵੈਲਿਟੀ ਮੰਤਰੀ ਮੌਂਟੇਰੋ ਕੋਰੋਨਾਵਾਇਰਸ ਨਾਲ ਸੰਕਰਮਿਤ ਦੀ ਜਾਂਚ ਵਿੱਚ ਪੌਜ਼ਟਿਵ ਆਈ ਹੈ।
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫ਼ੀ ਨੂੰ ਵੀ ਕੋਰੋਨਾਵਾਇਰਸ: ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਵੀ ਕੋਰੋਨਾਵਾਇਰਸ ਤੋਂ ਪੀੜਤ ਪਾਈ ਗਈ ਹੈ। ਉਹ ਕੁਝ ਦਿਨ ਪਹਿਲਾਂ ਬ੍ਰਿਟੇਨ ਤੋਂ ਵਾਪਸ ਆਈ ਸੀ। ਪ੍ਰਧਾਨ ਮੰਤਰੀ ਜਸਟਿਨ ਕੋਰੋਨਾ ਕਰਕੇ ਆਪਣੀ ਪਤਨੀ ਤੋਂ ਵੱਖ ਰਹਿ ਰਹੇ ਸੀ।
ਇਟਲੀ 'ਚ ਮਰਨ ਵਾਲਿਆਂ ਦੀ ਗਿਣਤੀ ਇੱਕ ਹਜ਼ਾਰ ਤੋਂ ਪਾਰ: ਨਿਊਜ਼ ਏਜੰਸੀ ਮੁਤਾਬਕ ਸ਼ੁੱਕਰਵਾਰ ਨੂੰ ਇਟਲੀ ਦੇ ਕੋਰੋਨਾਵਾਇਰਸ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1,016 ਹੋ ਗਈ। ਇੱਥੇ ਹੁਣ ਤੱਕ ਕੁੱਲ 15,113 ਲੋਕ ਸੰਕਰਮਿਤ ਪਾਏ ਗਏ ਹਨ। ਇਟਲੀ 'ਚ ਇਲਾਜ ਤੋਂ ਬਾਅਦ, 1,258 ਲੋਕ ਠੀਕ ਵੀ ਹੋ ਗਏ।
ਡਿਜ਼ਨੀ ਫਲੋਰੀਡਾ ਤੇ ਪੈਰਿਸ ਥੀਮ ਪਾਰਕਾਂ ਨੂੰ ਬੰਦ: ਕੋਰੋਨਾਵਾਇਰਸ ਦੇ ਮੱਦੇਨਜ਼ਰ ਡਿਜ਼ਨੀਵਰਲੈਂਡ ਨੇ ਅਮਰੀਕਾ ਤੇ ਫਰਾਂਸ ਦੀ ਰਾਜਧਾਨੀ ਪੈਰਿਸ 'ਚ ਫਲੋਰਿਡਾ ਦੇ ਥੀਮ ਪਾਰਕਾਂ ਨੂੰ ਬੰਦ ਕਰ ਦਿੱਤਾ ਹੈ। ਉਸੇ ਸਮੇਂ ਨਿਊਯਾਰਕ ਵਿੱਚ 500 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਸਖ਼ਤ ਪਾਬੰਦੀ ਲਾ ਦਿੱਤੀ ਹੈ।
ਡਬਲਯੂਐਚਓ ਨੇ ਕੋਰੋਨਾਵਾਇਰਸ ਨੂੰ ਮਹਾਮਾਰੀ ਐਲਾਨਿਆ:
ਵਿਸ਼ਵ ਸਿਹਤ ਸੰਗਠਨ ਨੇ ਬੁੱਧਵਾਰ ਨੂੰ ਕੋਰੋਨਾਵਾਇਰਸ ਨੂੰ ਮਹਾਮਾਰੀ ਐਲਾਨ ਦਿੱਤਾ ਹੈ। ਡਬਲਯੂਐਚਓ ਦੇ ਮੁਖੀ ਟੇਡਰੋਸ ਗੈਬਰਸੀਓਸ ਨੇ ਕਿਹਾ ਕਿ ਕੋਰੋਨਾ ਉਸੇ ਸਮੇਂ ਵਿਸ਼ਵ ਭਰ ਵਿੱਚ ਫੈਲ ਗਈ ਹੈ। ਉਸ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਮਹਾਮਾਰੀ ਨੂੰ ਰੋਕਣ ਲਈ ਤੁਰੰਤ ਅਤੇ ਹਮਲਾਵਰ ਕਦਮ ਚੁੱਕਣ ਦੀ ਅਪੀਲ ਕੀਤੀ।
ਇਸ ਦੇ ਨਾਲ ਹੀ ਕੋਰੋਨਾਵਾਇਰਸ ਤੋਂ ਦੁਨੀਆ ਭਰ 'ਚ ਮਰਨ ਵਾਲਿਆਂ ਦੀ ਗਿਣਤੀ 4973 ਤੱਕ ਪਹੁੰਚ ਗਈ ਹੈ। ਹੁਣ ਤੱਕ ਕੁੱਲ 1,34,679 ਮਾਮਲੇ ਸਾਹਮਣੇ ਆਏ ਹਨ।