ਨਵੀਂ ਦਿੱਲੀ: ਪਿੱਛਲੇ ਕੁੱਝ ਸਮੇਂ ਤੋਂ ਦਿੱਲੀ 'ਚ ਮਾਹੌਲ ਤਣਾਅਪੁਰਨ ਬਣੇ ਹੋਏ ਹਨ। ਇਸ ਦੌਰਾਨ 40 ਦੇ ਕਰੀਬ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਹੁਣ ਇਸੇ ਦਰਮਿਆਨ ਜਾਮੀਆ ਨਗਰ ਤੋਂ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਕਸ਼ਮੀਰੀ ਮੂਲ ਦੇ ਅੱਤਵਾਦੀ ਜੋੜੇ ਨੂੰ ਗ੍ਰਿਫਤਾਰ ਕੀਤਾ ਹੈ। ਇਹ ਪਤੀ-ਪਤਨੀ ਜਲਦ ਹੀ ਕਿਸੇ ਵੱਡੇ ਹਮਲੇ ਨੂੰ ਅੰਜਾਮ ਦੇਣ ਦੀ ਤਿਆਰੀ 'ਚ ਸੀ।


ਸੀਏਏ ਦੇ ਵਿਰੋਧ ਦੇ ਨਾਂ 'ਤੇ ਅੰਜਾਮ ਦਿੱਤੇ ਜਾਣ ਵਾਲੇ ਇਸ ਹਮਲੇ ਲਈ ਉਹ ਹੱਥਿਆਰਾਂ ਤੇ ਵਿਸਫੋਟਕਾਂ ਨੂੰ ਇਕੱਠਾ ਕਰਨ ਦੇ ਨਾਲ ਹੀ ਸ਼ਾਹੀਨ ਬਾਗ ਤੇ ਜਾਮੀਆ ਨਗਰ ਦੇ ਨੌਜਵਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਦਿੱਲੀ ਪੁਲਿਸ ਮੁਤਾਬਕ ਕਾਬੂ ਕੀਤਾ ਇਹ ਜੋੜਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਸੀ। ਇਹ ਭਾਰਤੀ ਮੁਸਲਮਾਨਾਂ ਨੂੰ ਇਕੱਠਾ ਕਰਕੇ ਸਰਕਾਰ ਖ਼ਿਲਾਫ਼ ਲੜਾਈ ਛੇੜਨ ਦੇ ਯਤਨ 'ਚ ਸੀ।

ਸੂਤਰਾਂ ਮੁਤਾਬਕ ਇਨ੍ਹਾਂ ਦੀਆਂ ਸਾਇਬਰਸਪੇਸ 'ਤੇ ਸ਼ੱਕੀ ਹਰਕਤਾਂ ਤੋਂ ਬਾਅਦ ਸਪੈਸ਼ਲ ਸੈਲ ਨੇ ਇੱਕ ਮਹੀਨੇ ਤੋਂ ਇਨ੍ਹਾਂ 'ਤੇ ਨਜ਼ਰ ਬਣਾਈ ਹੋਈ ਸੀ। ਦੋਨੋਂ ਮੁਸਲਮਾਨ ਇਲਾਕਿਆਂ 'ਚ ਜਾ ਕੇ ਲੋਕਾਂ ਨੂੰ ਭੜਕਾ ਰਹੇ ਸੀ। ਇਹ ਸ਼ਾਹੀਨ ਬਾਗ ਤੇ ਦਿੱਲੀ 'ਚ ਹੋਰਨਾਂ ਪ੍ਰਦਰਸ਼ਨ ਥਾਂਵਾਂ 'ਤੇ ਜਾ ਕੇ ਲੋਕਾਂ ਨੂੰ ਭੜਕਾ ਰਹੇ ਸੀ। ਫਿਲਹਾਲ ਪੁਲਿਸ ਵਲੋਂ ਇਨ੍ਹਾਂ ਨੂੰ ਪਨਾਹ ਦੇਣ ਵਾਲਿਆਂ ਤੇ ਹੋਰ ਜਾਂਚ ਕੀਤੀ ਜਾ ਰਹੀ ਹੈ।