ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ 'ਚ ਹੋਈ ਹਿੰਸਾ 'ਚ ਹੁਣ ਤੱਕ 27 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 50 ਤੋਂ ਵੱਧ ਪੁਲਿਸ ਕਰਮੀਆਂ ਸਮੇਤ ਕਰੀਬ 200 ਲੋਕ ਜ਼ਖਮੀ ਹੋਏ ਹਨ। ਉੱਤਰੀ-ਪੂਰਬੀ ਦਿੱਲੀ ਜਿਲ੍ਹੇ 'ਚ ਭੜਕੀ ਹਿੰਸਾ ਦੇ ਮਾਮਲੇ 'ਚ ਪੁਲਿਸ ਵਲੋਂ ਹੁਣ ਤੱਕ 18 ਐਫਆਈਆਰ ਦਰਜ ਕੀਤੀਆਂ ਗਈਆਂ ਹਨ।


ਹਿੰਸਾ ਫੈਲਾਉਣ ਵਾਲਿਆਂ 'ਚੋਂ ਜਿਨ੍ਹਾਂ ਆਰੋਪੀਆਂ ਦੀ ਪਛਾਣ ਹੋਈ ਹੈ, ਉਨ੍ਹਾਂ 'ਚੋਂ 106 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦਿੱਲੀ ਪੁਲਿਸ ਨੇ ਬੁੱਧਵਾਰ ਸ਼ਾਮ ਨੂੰ ਪੁਲਿਸ ਮੁੱਖ ਦਫਤਰ 'ਚ ਕੀਤੀ ਪ੍ਰੈਸ ਕਾਨਫਰੰਸ 'ਚ ਇਹ ਜਾਣਕਾਰੀ ਦਿੱਤੀ। ਪੁਲਿਸ ਮੁਤਾਬਕ ਜੋ 18 ਐਫਆਈਆਰ ਦਰਜ ਕੀਤੀਆਂ ਗਈਆਂ ਹਨ, ਇਨ੍ਹਾਂ 'ਚੋਂ ਆਰੋਪੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।

ਸੀਸੀਟੀਵੀ ਦੀ ਮਦਦ ਨਾਲ ਪਛਾਣ ਕਰਕੇ ਹੋਰ ਆਰੋਪੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲਦ ਹੀ ਹੋਰ ਕਈ ਲੋਕ ਗ੍ਰਿਫਤਾਰ ਕਰ ਲਏ ਜਾਣਗੇ।