ਨਵੀਂ ਦਿੱਲੀ: ਉੱਤਰ ਪੂਰਬੀ ਦਿੱਲੀ ਵਿੱਚ ਹੋਏ ਦੰਗਿਆਂ ਦੇ ਮੱਦੇਨਜ਼ਰ ਦਿੱਲੀ ਸਰਕਾਰ ਵ੍ਹੱਟਸਐਪ ਨੰਬਰ ਜਾਰੀ ਕਰਨ ‘ਤੇ ਵਿਚਾਰ ਕਰ ਰਹੀ ਹੈ। ਇਸ ਨੰਬਰ 'ਤੇ ਲੋਕ ਇਸ ਐਪ ਰਾਹੀਂ ਫੈਲਾਏ ਜਾ ਰਹੇ ਨਫਰਤ ਭਰੇ ਸਦੇਸ਼ਾਂ ਬਾਰੇ ਸ਼ਿਕਾਇਤ ਕਰਨ ਸਕਣਗੇ। ਸੂਤਰਾਂ ਨੇ ਸ਼ਨੀਵਾਰ ਨੂੰ ਕਿਹਾ ਕਿ ਸਰਕਾਰ ਲੋਕਾਂ ਨੂੰ ਅਪੀਲ ਕਰੇਗੀ ਕਿ ਉਹ ਇਸ ਤਰ੍ਹਾਂ ਦੇ ਮੈਸੇਜ ਅੱਗੇ ਨਾ ਭੇਜਣ ਕਿਉਂਕਿ ਅਜਿਹੀਆਂ ਸਮੱਗਰੀਆਂ ਨੂੰ ਅੱਗੇ ਭੇਜ ਕੇ ਭਾਈਚਾਰਿਆਂ 'ਚ ਦੁਸ਼ਮਣੀ ਪੈਦਾ ਕਰਨਾ ਅਪਰਾਧ ਹੈ।
ਇਸ ਕਦਮ ਦਾ ਮਕਸਦ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਅਫਵਾਹਾਂ 'ਤੇ ਲਗਾਮ ਲਗਾਉਣਾ ਹੈ। ਸੂਤਰ ਨੇ ਕਿਹਾ, “ਜੇ ਕਿਸੇ ਨੂੰ ਵੀ ਅਜਿਹੀ ਕੋਈ ਸਮੱਗਰੀ ਮਿਲਦੀ ਹੈ ਤਾਂ ਉਹ ਤੁਰੰਤ ਇਸ ਦੀ ਜਾਣਕਾਰੀ ਦਿੱਲੀ ਸਰਕਾਰ ਨੂੰ ਦੇ ਸਕਦਾ ਹੈ ਅਤੇ ਸੰਦੇਸ਼ ਭੇਜਣ ਵਾਲੇ ਵਿਅਕਤੀ ਦਾ ਨਾਂ ਅਤੇ ਨੰਬਰ ਦੱਸ ਸਕਦਾ ਹੈ।”
ਸਰਕਾਰ ਇਸ ਸਬੰਧੀ ਵ੍ਹੱਟਸਐਪ ਨੰਬਰ ਵੀ ਜਾਰੀ ਕਰਨ 'ਤੇ ਵਿਚਾਰ ਕਰ ਰਹੀ ਹੈ ਜਿਸ 'ਤੇ ਇਹ ਸ਼ਿਕਾਇਤਾਂ ਕੀਤੀਆਂ ਜਾ ਸਕਦੀਆਂ ਹਨ। ਸੂਤਰਾਂ ਨੇ ਦੱਸਿਆ ਕਿ ਇੱਕ ਅਧਿਕਾਰੀ ਸਾਰੀਆਂ ਸ਼ਿਕਾਇਤਾਂ 'ਤੇ ਨਜ਼ਰ ਰਖੇਗਾ ਤੇ ਉਚਿਤ ਸ਼ਿਕਾਇਤਾਂ 'ਤੇ ਲੋੜੀਂਦੀ ਕਾਰਵਾਈ ਲਈ ਪੁਲਿਸ ਨੂੰ ਭੇਜੇਗਾ।