ਹਿਸਾਰ: ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਣਬੀਰ ਗੰਗਵਾ ਨੂੰ ਕਿਸਾਨਾਂ ਦੇ ਭਾਰੀ ਵਿਰੋਧ ਤੇ ਨਾਅਰੇਬਾਜ਼ੀ ਦਾ ਸਾਹਮਣਾ ਕਰਨਾ ਪਿਆ। ਪਿੰਡ ਆਰੀਆ ਨਗਰ ਦੇ ਬੱਸ ਸਟੈਂਡ ਪਹੁੰਚਦਿਆਂ ਹੀ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ। ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਡਿਪਟੀ ਸਪੀਕਰ ਦੀ ਕਾਰ ਅੱਗੇ ਖੜ੍ਹੇ ਹੋ ਗਏ ਤੇ ਨਾਅਰੇਬਾਜ਼ੀ ਕਰਦਿਆਂ ਕਿਸਾਨਾਂ ਨੇ ਉਨ੍ਹਾਂ ਨੂੰ ਕਾਲੇ ਝੰਡੇ ਵੀ ਦਿਖਾਏ। ਇਸ ਦੌਰਾਨ ਡਿਪਟੀ ਸਪੀਕਰ ਦੀ ਕਾਰ ਦਾ ਸ਼ੀਸ਼ਾ ਵੀ ਟੁੱਟ ਗਿਆ।


ਹਾਸਲ ਜਾਣਕਾਰੀ ਮੁਤਾਬਕ ਜਦੋਂ ਡਿਪਟੀ ਸਪੀਕਰ ਦੇ ਪੀਐਸਓ ਸੰਦੀਪ ਭੀੜ ਨੂੰ ਹਟਾਉਣ ਲਈ ਕਾਰ 'ਚੋਂ ਨਿਕਲੇ ਤਾਂ ਉਨ੍ਹਾਂ ਨਾਲ ਵੀ ਕੁੱਟ-ਮਾਰ ਹੋਈ। ਇਸ ਦੌਰਾਨ ਡਿਪਟੀ ਸਪੀਕਰ ਦੇ ਸਮਰਥਕਾਂ ਤੇ ਪ੍ਰਦਰਸ਼ਨਕਾਰੀਆਂ 'ਚ ਝੜਪ ਵੀ ਹੋਈ। ਦੋਹਾਂ ਧਿਰਾਂ ਨੇ ਇੱਕ ਦੂਜੇ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਮਾਹੌਲ ਤਣਾਅਪੂਰਨ ਹੁੰਦਾ ਵੇਖ ਪੁਲਿਸ ਨੇ ਸਥਿਤੀ ਨੂੰ ਆਪਣੇ ਕਬਜ਼ੇ ਵਿੱਚ ਲਿਆ ਤੇ ਡਿਪਟੀ ਸਪੀਕਰ ਦੇ ਕਾਫਲੇ ਨੂੰ ਉਥੋਂ ਰਵਾਨਾ ਕਰ ਦਿੱਤਾ।

Reliance ਨੇ ਕਿਸਾਨਾਂ ਨਾਲ ਕੀਤੀ ਵੱਡੀ ਡੀਲ, MSP ਤੋਂ ਵੱਧ ਕੀਮਤ 'ਤੇ ਝੋਨੇ ਦੀ ਖ਼ਰੀਦ

ਫਿਲਹਾਲ ਇਹ ਮਾਮਲਾ ਥਾਣੇ ਪਹੁੰਚ ਗਿਆ ਹੈ। ਪੁਲਿਸ ਨੇ ਡਿਪਟੀ ਸਪੀਕਰ ਦੇ ਪੀਐਸਓ ਸੰਦੀਪ ਦੀ ਸ਼ਿਕਾਇਤ ’ਤੇ ਕਿਸਾਨਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਡਿਪਟੀ ਸਪੀਕਰ ਰਣਬੀਰ ਗੰਗਵਾ ਸ਼ਨੀਵਾਰ ਨੂੰ ਆਪਣੇ ਸਹੁਰੇ ਆਰੀਆ ਨਗਰ ਵਿੱਚ ਸਹਿਕਾਰੀ ਸੰਸਥਾ ਇੰਡੀਅਨ ਫਾਰਮਰਜ਼ ਫਰਟੀਲਾਈਜ਼ਰ ਕੋ-ਓਪ੍ਰੇਟਿਵ ਲਿਮਟਿਡ (ਇਫਕੋ) ਦੇ ਸਮਾਜ ਭਲਾਈ ਪ੍ਰੋਗਰਾਮ ਤਹਿਤ ਮੁਫਤ ਕੰਬਲ ਵੰਡਣ ਲਈ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸੀ।

ਸਮਾਰੋਹ ਤੋਂ ਬਾਅਦ, ਜਦੋਂ ਡਿਪਟੀ ਸਪੀਕਰ ਗੰਗਵਾ ਆਪਣੇ ਕਾਫਲੇ ਨਾਲ ਉਥੋਂ ਵਾਪਸ ਆ ਰਹੇ ਸੀ, ਤਾਂ ਆਰੀਆ ਨਗਰ ਬੱਸ ਸਟੈਂਡ ਵਿਖੇ ਕਿਸਾਨ ਜੱਥੇਬੰਦੀਆਂ ਨੇ ਡਿਪਟੀ ਸਪੀਕਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਮਾਮਲੇ ਵਿੱਚ ਪੀਐਸਓ ਸੰਦੀਪ ਦੀ ਸ਼ਿਕਾਇਤ 'ਤੇ 7 ਨਾਮਜ਼ਦ ਕਿਸਾਨਾਂ ਸਮੇਤ 20 ਕਿਸਾਨਾਂ 'ਤੇ ਕਤਲ ਦੀ ਕੋਸ਼ਿਸ਼ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ।