ਪਟਿਆਲਾ: ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਇੱਕ ਹਵਾਲਾਤੀ ਨੂੰ ਦੋ ਕੈਦੀਆਂ ਵੱਲੋਂ ਕੁੱਟ-ਕੁੱਟ ਕੇ ਕਤਲ ਕਰ ਦੇਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ 49 ਸਾਲਾ ਮਹਿੰਦਰਪਾਲ ਬਿੱਟੂ ਵਜੋਂ ਹੋਈ ਹੈ। ਮਹਿੰਦਰ ਪਾਲ ਬਰਗਾੜੀ ਬੇਅਦਬੀ ਕਾਂਡ ਦੇ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਸੀ ਅਤੇ ਉਹ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦਾ ਮੁੱਖ ਮੈਂਬਰ ਵੀ ਸੀ। ਮਹਿੰਦਰਪਾਲ ਦੇ ਕਤਲ ਦੇ ਇਲਜ਼ਾਮ ਹੇਠ ਜੇਲ੍ਹ ਪ੍ਰਸ਼ਾਸਨ ਨੇ ਗੁਰਸੇਵਕ ਸਿੰਘ ਤੇ ਮਨਿੰਦਰ ਸਿੰਘ ਖ਼ਿਲਾਫ਼ ਪੁਲਿਸ ਕੇਸ ਦਰਜ ਕਰਵਾ ਦਿੱਤਾ ਹੈ। ਦੋਵੇਂ ਮੁਲਜ਼ਮ ਅੰਮ੍ਰਿਤਧਾਰੀ ਸਿੱਖ ਦੱਸੇ ਜਾਂਦੇ ਹਨ।

ਪ੍ਰਾਪਤ ਜਾਣਕਾਰੀ ਮੁਤਾਬਕ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਗੁਰਸੇਵਕ ਸਿੰਘ ਤੇ ਮਨਿੰਦਰ ਸਿੰਘ ਨਾਂਅ ਦੇ ਕੈਦੀਆਂ ਨੇ ਮਹਿੰਦਰਪਾਲ ਸਿੰਘ ਦੇ ਸਿਰ ਵਿੱਚ ਲੋਹੇ ਦੇ ਸਰੀਏ ਨਾਲ ਕਈ ਵਾਰ ਕੀਤੇ। ਇਹ ਘਟਨਾ ਸ਼ਾਮ ਸਵਾ ਕੁ ਪੰਜ ਵਜੇ ਵਾਪਰੀ ਅਤੇ ਇਸ ਮਗਰੋਂ ਜੇਲ੍ਹ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪੁਲਿਸ ਨੇ ਤੁਰੰਤ ਮਹਿੰਦਰ ਪਾਲ ਨੂੰ ਸਰਕਾਰੀ ਹਸਪਤਾਲ ਨਾਭਾ ਲਿਆਂਦਾ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।



ਮ੍ਰਿਤਕ ਮਹਿੰਦਰ ਪਾਲ ਜ਼ਿਲ੍ਹਾ ਫ਼ਰੀਦਕੋਟ ਦਾ ਰਹਿਣ ਵਾਲਾ ਸੀ ਅਤੇ ਇਸ ਨੂੰ ਬਰਗਾੜੀ ਬੇਅਦਬੀ ਕੇਸ ਵਿੱਚ ਗ੍ਰਿਫ਼ਤਾਰ ਕਰ ਨਾਭਾ ਦੀ ਜ਼ਿਲ੍ਹਾ ਜੇਲ੍ਹ ਵਿੱਚ ਬਤੌਰ ਹਵਾਲਾਤੀ ਕੈਦ ਕੀਤਾ ਹੋਇਆ ਸੀ। ਜੇਲ੍ਹ ਦੇ ਸਹਾਇਕ ਸੁਪਰਡੈਂਟ ਅਮਰਜੀਤ ਭੰਗੂ ਨੇ ਦੱਸਿਆ ਕਿ ਮਹਿੰਦਰਪਾਲ ਦੀ ਜੇਲ੍ਹ ਵਿੱਚ ਦੋ ਕੈਦੀਆਂ ਨਾਲ ਲੜਾਈ ਹੋਈ ਸੀ ਅਤੇ ਪੁਲਿਸ ਮੁਲਾਜ਼ਮ ਇਸ ਨੂੰ ਜ਼ਖ਼ਮੀ ਹਾਲਤ ਵਿੱਚ ਨਾਭਾ ਦੇ ਸਰਕਾਰੀ ਹਸਪਤਾਲ ਲੈ ਕੇ ਗਏ।

ਸਰਕਾਰੀ ਹਸਪਤਾਲ ਦੀ ਡਾਕਟਰ ਦਿਲਪ੍ਰੀਤ ਕੌਰ ਨੇ ਦੱਸਿਆ ਕਿ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਕਤ ਵਿਅਕਤੀ ਦੀ ਮੌਤ ਹੋ ਗਈ ਸੀ, ਕਿਉਂਕਿ ਉਸ ਦੇ ਸਿਰ ਵਿੱਚ ਗੰਭੀਰ ਸੱਟਾਂ ਵੱਜੀਆਂ ਸਨ ਅਤੇ ਖ਼ੂਨ ਵੀ ਕਾਫੀ ਵਹਿ ਗਿਆ ਸੀ।