ਬਠਿੰਡਾ: ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸੰਸਥਾ ਦੇ ਨਕਲੀ ਬਣੇ ਆਈ ਜੀ ਨੂੰ ਇੱਥੋਂ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਉਕਤ ਵਿਅਕਤੀ 'ਤੇ ਇਲਜ਼ਾਮ ਹੈ ਕਿ ਉਹ ਖ਼ੁਦ ਨੂੰ ਪ੍ਰੋਗਰੈਸਿਵ ਹਿਊਮਨ ਰਾਈਟਸ ਆਰਗਨਾਈਜ਼ੇਸ਼ਨ ਪੰਜਾਬ ਸੰਸਥਾ ਦਾ ਮੁਖੀ ਦੱਸਦਿਆਂ ਸੰਸਥਾ ਦੀ ਮੈਂਬਰਸ਼ਿਪ ਦਿਵਾਉਣ ਬਦਲੇ ਲੋਕਾਂ ਤੋਂ ਪੈਸੇ ਬਟੋਰਦਾ ਹੈ।
ਮਾਮਲੇ ਦੀ ਜਾਂਚ ਕਰ ਰਹੇ ਬਠਿੰਡਾ ਦੇ ਡੀਐਸਪੀ ਗੋਪਾਲ ਚੰਦ ਨੇ ਦੱਸਿਆ ਕਿ ਸੀਆਈਏ ਸਟਾਫ ਪੁਲਿਸ ਵੱਲੋਂ ਫੂਲਾ ਸਿੰਘ ਨਾਂਅ ਦੇ ਵਿਅਕਤੀ ਪਾਸੋਂ ਅਰਜ਼ੀ ਮਿਲੀ ਸੀ ਕਿ ਖ਼ੁਦ ਨੂੰ ਪ੍ਰੋਗ੍ਰੈਸਿਵ ਹਿਊਮਨ ਰਾਈਟਸ ਆਰਗੇਨਾਈਜੇਸ਼ਨ, ਪੰਜਾਬ ਦਾ ਆਈਜੀ ਦੱਸਣ ਵਾਲੇ ਸ਼ਿਵ ਕੁਮਾਰ ਵਰਮਾ ਨਾਂਅ ਦੇ ਵਿਅਕਤੀ ਨੇ ਉਸ ਤੋਂ ਪੈਸੇ ਹੜੱਪੇ ਹਨ। ਉਸ ਨੇ ਉਸ ਨੂੰ ਸੰਸਥਾ ਵਿੱਚ ਬਠਿੰਡਾ ਜ਼ਿਲ੍ਹੇ ਦਾ ਪ੍ਰਧਾਨ ਵੀ ਲਾਇਆ ਗਿਆ ਅਤੇ ਸ਼ਿਵ ਕੁਮਾਰ ਉਸ ਤੋਂ ਤਕਰੀਬਨ ਛੇ ਲੱਖ ਰੁਪਏ ਲੈ ਚੁੱਕਿਆ ਸੀ। ਪਰ ਮੰਗਣ 'ਤੇ ਵੀ ਵਾਪਸ ਨਾ ਕੀਤੇ।
ਸ਼ੱਕ ਪੈਣ 'ਤੇ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤਾਂ ਪੜਤਾਲ ਵਿੱਚ ਪਤਾ ਲੱਗਾ ਕਿ ਖ਼ੁਦ ਨੂੰ ਆਈਜੀ ਸ਼ਿਵ ਕੁਮਾਰ ਵਰਮਾ ਦੱਸਣ ਵਾਲਾ ਇਹ ਵਿਅਕਤੀ ਅਸਲ ਵਿੱਚ ਅਮਰਜੀਤ ਸਿੰਘ ਸਿੱਧੂ ਪੁੱਤਰ ਦਰਬਾਰਾ ਸਿੰਘ ਹੈ ਅਤੇ ਪਿੰਡ ਦਰਾਜ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਦਾ ਰਹਿਣ ਵਾਲਾ ਹੈ। ਪੁਲਿਸ ਨੇ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਇਹ ਨਕਲੀ ਆਈਜੀ ਬਣਿਆ ਹੋਇਆ ਸੀ ਅਤੇ ਮੈਂਬਰਸ਼ਿਪ ਦਿਵਾਉਣ ਬਦਲੇ ਪੈਸੇ ਹੜੱਪਦਾ ਸੀ।
ਪੁਲਿਸ ਮੁਤਾਬਕ ਇਸ ਵਿਅਕਤੀ ਉੱਪਰ ਪਹਿਲਾਂ ਇੱਕ ਮਾਮਲਾ ਦਰਜ ਹੈ। ਪੁਲਿਸ ਨੇ ਇਸ ਨਕਲੀ ਆਈ ਜੀ ਤੋਂ ਲੋਕਾਂ ਨੂੰ ਬਣਾ ਕੇ ਦਿੱਤੇ ਜਾਅਲੀ ਆਈਡੀ ਕਾਰਡ ਵੀ ਬਰਾਮਦ ਕੀਤੇ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।