ਸਮਰਾਲਾ: ਪਾਬੰਦੀ ਦੇ ਬਾਵਜੂਦ ਸ਼ਰੇਆਮ ਮੌਤ ਬਣ ਕੇ ਹਵਾ 'ਚ ਉੱਡ ਰਹੀ ਚਾਈਨਾ ਡੋਰ ਨੇ ਸਮਰਾਲਾ 'ਚ ਪੁਲਿਸ ਮੁਲਾਜ਼ਮ ਦੀ ਧੌਣ ਵੱਡ ਦਿੱਤੀ। ਬੁਰੀ ਤਰ੍ਹਾਂ ਜ਼ਖਮੀ ਪੁਲਿਸ ਮੁਲਾਜ਼ਮ ਨੂੰ ਤੁਰੰਤ ਨੇੜੇ ਦੇ ਸਰਜੀਕਲ ਹਸਪਤਾਲ ਲਿਜਾਇਆ ਗਿਆ। ਇਹ ਵੱਡਾ ਹਾਦਸਾ ਉਸ ਸਮੇਂ ਹੋਇਆ, ਜਦੋਂ ਰੇਲਵੇ ਪੁਲਿਸ ਦਾ ਮੁਲਾਜ਼ਮ ਹਰਜੀਤ ਸਿੰਘ ਆਪਣੀ ਐਕਟਿਵਾ 'ਤੇ ਕਮਲ ਕਲੋਨੀ ਆਪਣੇ ਘਰ ਜਾ ਰਿਹਾ ਸੀ। ਰਾਹ 'ਚ ਚਾਈਨਾ ਡੋਰ ਨੇ ਉਸ ਨੂੰ ਆਪਣੀ ਲਪੇਟ 'ਚ ਲੈ ਲਿਆ ਤੇ ਉਸ ਦਾ ਗਲਾ ਬੁਰੀ ਤਰ੍ਹਾਂ ਵੱਢਿਆ ਗਿਆ।


ਆਸ-ਪਾਸ ਦੇ ਲੋਕਾਂ ਨੇ ਲਹੂ-ਲੂਹਾਣ ਹਾਲਤ 'ਚ ਉਸ ਨੂੰ ਤੁਰੰਤ ਸਮਰਾਲਾ ਸਰਜੀਕਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੂੰ ਉਸ ਦੀ ਜਾਨ ਬਚਾਉਣ ਲਈ ਭਾਰੀ ਜੱਦੋ-ਜਹਿਦ ਕਰਨੀ ਪਈ। ਡਾਕਟਰਾਂ ਨੇ ਦੱਸਿਆ ਕਿ ਡੋਰ ਨੇ ਉਸ ਦੀ ਧੌਣ ਦੀ ਚਮੜੀ ਤੋਂ ਇਲਾਵਾ ਖੂਨ ਵਾਲੀਆਂ ਨਸਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਾਇਆ ਹੈ। ਕੁਝ ਪਲ ਹੋਰ ਦੇਰੀ ਨਾਲ ਇਸ ਦੀ ਜਾਨ ਬਚਾਉਣੀ ਮੁਸ਼ਕਲ ਹੋ ਸਕਦੀ ਸੀ।

ਹਰਜੀਤ ਰੇਲਵੇ ਪੁਲਿਸ ਦਾ ਮੁਲਾਜ਼ਮ ਹੈ। ਘਟਨਾ ਤੋਂ ਬਾਅਦ ਪੀੜਤ ਦੀ ਪਤਨੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਡੋਰ 'ਤੇ ਬੈਨ ਲੱਗਣਾ ਚਾਹੀਦਾ ਹੈ । ਦੱਸ ਦਈਏ ਕਿ ਦੋ ਦਿਨ ਪਹਿਲਾ ਹੀ ਸਮਰਾਲਾ 'ਚ ਇੰਝ ਹੀ ਮੋਟਰਸਾਈਕਲ ਸਵਾਰ ਇੱਕ ਹੋਰ ਨੌਜਵਾਨ ਦੀ ਗਰਦਨ ਵੱਢੀ ਜਾਣ 'ਤੇ ਉਸ ਨੂੰ ਗੰਭੀਰ ਹਾਲਤ 'ਚ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੂੰ ਉਸ ਦੀ ਜਾਨ ਬਚਾਉਣ ਲਈ ਗਲੇ ਤੇ ਹੱਥ 'ਤੇ 25 ਟਾਂਕੇ ਲਾਉਣੇ ਪਏ ਸੀ।