ਚੰਡੀਗੜ੍ਹ: ਸੋਸ਼ਲ ਮੀਡੀਆ ਉੱਪਰ ਭਾਰਤ ਸਰਕਾਰ ਖਿਲਾਫ ਭੜਾਸ ਕੱਢਣ ਵਾਲਿਆਂ ਦੀ ਆਵਾਜ਼ ਦਬਾਉਣ ਦਾ ਰਾਹ ਲੱਭ ਲਿਆ ਗਿਆ ਹੈ। ਹੁਣ ਸੋਸ਼ਲ ਮੀਡੀਆ ਉੱਪਰ ਖਾਲਿਸਤਾਨ ਪੱਖੀ ਤੇ ਭਾਰਤ ਵਿਰੋਧੀ ਪ੍ਰਚਾਰ ਨਹੀਂ ਕੀਤਾ ਜਾ ਸਕੇਗਾ। ਅਜਿਹਾ ਕਰਨ ਵਾਲਿਆਂ ਦੇ ਖਾਤੇ ਨੂੰ ਜਿੰਦਰਾ ਵੱਜ ਸਕਦਾ ਹੈ। ਪਿਛਲੇ ਸਮੇਂ ਤੋਂ ਸੋਸ਼ਲ ਮੀਡੀਆ ਕੰਪਨੀਆਂ ਅਜਿਹੇ ਲੋਕਾਂ ਦੇ ਖਾਤੇ ਬਲੌਕ ਕਰ ਰਹੀਆਂ ਹਨ।

ਪਤਾ ਲੱਗਾ ਹੈ ਕਿ ਪਿਛਲੇ ਦਿਨੀਂ ਦਲ ਖਾਲਸਾ ਦੇ ਬਾਨੀ ਆਗੂਆਂ ਵਿੱਚੋਂ ਇੱਕ ਭਾਈ ਗਜਿੰਦਰ ਸਿੰਘ ਦੀ ਫੇਸਬੁੱਕ ਆਈਡੀ ਬਲਾਕ ਕਰ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਭਾਰਤ ਸਰਕਾਰ ਨੇ ਸੋਸ਼ਲ ਮੀਡੀਆ ਏਜੰਸੀਆਂ ਨੂੰ ਹਦਾਇਤਾਂ ਕੀਤੀਆਂ ਹਨ ਕਿ ਦੇਸ਼ ਵਿਰੁੱਧ ਪ੍ਰਚਾਰ ਕਰਨ ਵਾਲੇ ਅਨਸਰਾਂ ਨੂੰ ਨੱਥ ਪਾਈ ਜਾਵੇ। ਅਫਵਾਹਾਂ ਤੇ ਨਸਲੀ ਨਫਰਤ ਫੈਲਾਉਣ ਦੇ ਇਲਜ਼ਾਮ ਤਹਿਤ ਸੋਸ਼ਲ ਮੀਡੀਆ ਕੰਪਨੀਆਂ ਹੁਣ ਅਜਿਹੇ ਲੋਕਾਂ ਦੀ ਨਿਸ਼ਾਨਦੇਹੀ ਕਰ ਰਹੀਆਂ ਹਨ। ਸੂਤਰਾਂ ਮੁਤਾਬਕ ਅਗਲੇ ਦਿਨਾਂ ਵਿੱਚ ਅਜਿਹੇ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਬਲੌਕ ਕੀਤਾ ਜਾ ਸਕਦਾ ਹੈ।

ਹਾਸਲ ਜਾਣਕਾਰੀ ਮੁਤਾਬਕ ਦਲ ਖਾਲਸਾ ਦੇ ਇਸ ਵੇਲੇ ਸਰਪ੍ਰਸਤ ਭਾਈ ਗਜਿੰਦਰ ਸਿੰਘ ਨੇ ਆਪਣੇ ਫੇਸਬੁੱਕ ਪੰਨੇ ’ਤੇ ਇਹ ਸਤਰਾਂ ਦਰਜ ਕੀਤੀਆਂ ਹਨ ਕਿ ਭਾਰਤੀ ਹਾਕਮਾਂ ਨੇ ਉਸ ਦੀ ਫੇਸਬੁੱਕ ਆਈਡੀ ਬਲਾਕ ਕਰ ਦਿੱਤੀ ਹੈ। ਇਹ ਕਾਰਵਾਈ 25-26 ਜਨਵਰੀ ਨੂੰ ਕੀਤੀ ਗਈ ਹੈ। ਇਸ ਮਗਰੋਂ ਹੁਣ ਉਨ੍ਹਾਂ ਦਾ ਫੇਸਬੁੱਕ ਖਾਤਾ ਭਾਰਤ ਵਿਚ ਕਿਸੇ ਵੀ ਥਾਂ ’ਤੇ ਦਿਖਾਈ ਨਹੀਂ ਦਿੰਦਾ ਪਰ ਇਸ ਨੂੰ ਭਾਰਤ ਤੋਂ ਬਾਹਰ ਹੋਰ ਮੁਲਕਾਂ ਵਿਚ ਦੇਖਿਆ ਜਾ ਸਕਦਾ ਹੈ।

ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕੁਝ ਦਿਨ ਤਾਂ ਸਾਰੇ ਸਮਰਥਕ ਉਨ੍ਹਾਂ ਦਾ ਪੰਨਾ ਲੱਭਦੇ ਰਹੇ ਪਰ ਕੋਈ ਜਾਣਕਾਰੀ ਨਾ ਮਿਲੀ। ਇਸ ਸਬੰਧੀ ਉਸ ਵੇਲੇ ਪਤਾ ਲੱਗਾ ਜਦੋਂ ਵਿਦੇਸ਼ ਵਿਚ ਬੈਠੇ ਦਲ ਖਾਲਸਾ ਆਗੂ ਨੇ ਭਾਈ ਗਜਿੰਦਰ ਸਿੰਘ ਦੀ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੋਇਆ ਸੀ ਕਿ ਉਨ੍ਹਾਂ ਦੀ ਫੇਸਬੁੱਕ ਆਈਡੀ ਭਾਰਤ ਵਿੱਚ ਬੰਦ ਕਰ ਦਿੱਤੀ ਗਈ ਹੈ, ਜਿਸ ਕਾਰਨ ਉਨ੍ਹਾਂ ਦਾ ਫੇਸਬੁੱਕ ਪੰਨਾ ਹੁਣ ਨਹੀਂ ਖੁੱਲ੍ਹ ਰਿਹਾ।

ਉਨ੍ਹਾਂ ਖ਼ੁਲਾਸਾ ਕੀਤਾ ਕਿ ਭਾਵੇਂ ਭਾਰਤ ਵਿਚ ਉਨ੍ਹਾਂ ਦੀ ਆਈਡੀ ਬੰਦ ਕੀਤੀ ਗਈ ਹੈ ਪਰ ਵਿਦੇਸ਼ਾਂ ਵਿੱਚ ਇਹ ਚੱਲ ਰਹੀ ਹੈ। ਹੁਣ ਉਨ੍ਹਾਂ ਦੀਆਂ ਪੋਸਟਾਂ ਹੋਰਨਾਂ ਸਮਰਥਕਾਂ ਰਾਹੀਂ ਸ਼ੇਅਰ ਕਰਨ ਮਗਰੋਂ ਇੱਥੇ ਪੁੱਜ ਰਹੀਆਂ ਹਨ। ਸਰਕਾਰ ਦੀ ਇਸ ਕਾਰਵਾਈ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਮੁਤਾਬਕ ਇਹ ਕਾਰਵਾਈ ਬੋਲਣ ਦਾ ਹੱਕ ਖੋਹਣ ਵਾਲੀ ਹੈ। ਉਨ੍ਹਾਂ ਕਿਹਾ ਕਿ ਉਹ ਅਕਸਰ ਭਾਰਤੀ ਨਿਜ਼ਾਮ ਦੀਆਂ ਸਿੱਖ ਵਿਰੋਧੀ ਨੀਤੀਆਂ ’ਤੇ ਆਲੋਚਕ ਵਜੋਂ ਟਿੱਪਣੀ ਕਰਦੇ ਸਨ।