ਲੁਧਿਆਣਾ: ਸ਼ਹਿਰ ਵਿੱਚ ਚਾਰ ਨਕਾਬਪੋਸ਼ਾਂ ਦੀ ਦਹਿਸ਼ਤ ਹੈ। ਇਹ ਚਾਰ ਲੁਟੇਰੇ ਪੁਲਿਸ ਲਈ ਵੀ ਸਿਰਦਰਦੀ ਬਣ ਗਏ ਹਨ। ਇਹ ਸ਼ਰੇਆਮ ਲੋਕਾਂ ਨੂੰ ਲੁੱਟਦੇ ਹਨ ਤੇ ਗਾਇਬ ਹੋ ਜਾਂਦੇ ਹਨ। ਇਨ੍ਹਾਂ ਲੁਟੇਰਿਆਂ ਨੇ ਬੁੱਧਵਾਰ ਨੂੰ ਲੁਧਿਆਣਾ ਦੇ ਘੁਮਾਰ ਮੰਡੀ ਇਲਾਕੇ ਵਿੱਚ ਵੀਕੇ ਜਿਊਲਰਜ਼ ਨਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਚਾਰ ਲੁਟੇਰੇ ਬੰਦੂਕ ਦੀ ਨੋਕ ’ਤੇ ਦਿਨ-ਦਿਹਾੜੇ ਦੋ ਕਰੋੜ ਰੁਪਏ ਦਾ ਸੋਨਾ ਲੁੱਟ ਕੇ ਫ਼ਰਾਰ ਹੋ ਗਏ। ਇਸ ਦੇ ਨਾਲ ਹੀ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਉੱਠਣ ਲੱਗੇ ਹਨ।


ਦਰਅਸਲ ਇਹ ਚਾਰੇ ਲੁਟੇਰੇ ਪਿਛਲੇ ਸਮੇਂ ਤੋਂ ਲਗਾਤਾਰ ਲੁੱਟਾਂ-ਖੋਹਾਂ ਕਰ ਰਹੇ ਹਨ। ਇਨ੍ਹਾਂ ਦਾ ਲਟਾਈਲ ਇੱਕੋ ਜ਼ਿਹਾ ਹੈ। ਇਨ੍ਹਾਂ ਨੇ 31 ਦਸੰਬਰ ਨੂੰ ਕੁਲਦੀਪ ਨਗਰ ’ਚ ਧਾਗਾ ਵਪਾਰੀ ਨੂੰ ਬੰਦੀ ਬਣਾ ਕੇ 80 ਹਜ਼ਾਰ ਰੁਪਏ ਲੁੱਟੇ ਸਨ। 9 ਨਵੰਬਰ ਨੂੰ ਮਿਲਰਗੰਜ ’ਚ ਚਾਰ ਨਕਾਬਪੋਸ਼ ਨੌਜਵਾਨ ਦਫ਼ਤਰ ’ਚ ਵਪਾਰੀ ਤੋਂ ਅੱਠ ਲੱਖ ਰੁਪਏ ਲੁੱਟ ਕੇ ਲੈ ਗਏ ਸਨ। 15 ਜਨਵਰੀ ਨੂੰ ਬੇਅੰਤਪੁਰਾ ’ਚ ਗੈਸ ਏਜੰਸੀ ਅਵਤਾਰ ਫਲੇਮ ’ਚ ਚਾਰ ਲੁਟੇਰਿਆਂ ਨੇ ਪਿਸਤੌਲ ਦੀ ਨੋਕ ’ਤੇ ਦੋ ਲੱਖ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਸੀ।

ਹੁਣ ਸਵਾਲ ਉੱਠ ਰਹੇ ਹਨ ਕਿ ਕਿਤੇ ਪੁਲਿਸ ਦੀ ਮਿਲੀਭੁਗਤ ਨਾਲ ਹੀ ਤਾਂ ਇਹ ਸਭ ਨਹੀਂ ਹੋ ਰਿਹਾ। ਉਧਰ ਪੁਲਿਸ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ ਹੈ ਕਿਉਂਕਿ ਇਹ ਲੁਟੇਰੇ ਸ਼ਰੇਆਮ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਲੰਘੇ ਦਿਨ ਘੁਮਾਰ ਮੰਡੀ ਇਲਾਕੇ ਵਿੱਚ ਵੀਕੇ ਜਿਊਲਰਜ਼ ਨੂੰ ਨਿਸ਼ਾਨਾ ਬਣਾਇਆ। ਚਾਰੇ ਲੁਟੇਰੇ ਬੰਦੂਕ ਦੀ ਨੋਕ ’ਤੇ ਦਿਨ-ਦਿਹਾੜੇ ਦੋ ਕਰੋੜ ਰੁਪਏ ਦਾ ਸੋਨਾ ਲੁੱਟ ਕੇ ਫ਼ਰਾਰ ਹੋ ਗਏ। ਲੁਟੇਰਿਆਂ ਨੇ ਘਟਨਾ ਨੂੰ ਸਿਰਫ਼ 15 ਮਿੰਟਾਂ ’ਚ ਅੰਜਾਮ ਦਿੱਤਾ।