ਨਵੀਂ ਦਿੱਲੀ: ਦੇਰ ਨਾਲ ਆਏ ਮੌਨਸੂਨ ਨੇ ਦਿੱਲੀ ਐਨਸੀਆਰ ਦੇ ਕਈ ਇਲਾਕਿਆਂ ਵਿੱਚ ਸਮੱਸਿਆ ਵਧਾ ਦਿੱਤੀ ਹੈ। ਦਿੱਲੀ ਵਿੱਚ ਪਾਣੀ ਭਰਨ ਕਾਰਨ ਇੱਕ ਵਿਅਕਤੀ ਦੀ ਜਾਨ ਚਲੀ ਗਈ। ਦਿੱਲੀ ਪੁਲਿਸ ਨੇ ਪੁਲ ਪ੍ਰਹਲਾਦਪੁਰ ਖੇਤਰ ਵਿੱਚ ਰੇਲਵੇ ਪੁਲ ਦੇ ਹੇਠਾਂ ਪਾਣੀ ਭਰਨ ਦੀ ਵੀਡੀਓ ਬਣਾਉਣ ਵੇਲੇ ਇੱਕ 25 ਸਾਲਾ ਵਿਅਕਤੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ।


 


ਮ੍ਰਿਤਕ ਦੀ ਪਛਾਣ ਰਵੀ ਚੌਟਾਲਾ ਵਜੋਂ ਹੋਈ ਹੈ, ਜੋ ਜੈਤਪੁਰ ਦਾ ਰਹਿਣ ਵਾਲਾ ਹੈ। ਸੋਮਵਾਰ ਸਵੇਰ ਤੋਂ ਹੀ ਦਿੱਲੀ ਐਨਸੀਆਰ ਵਿੱਚ ਮੀਂਹ ਪੈ ਰਿਹਾ ਹੈ। ਦਿੱਲੀ ਦੇ ਕਈ ਖੇਤਰ ਡੁੱਬ ਗਏ ਹਨ। ਦਿੱਲੀ ਦੇ ਆਈਟੀਓ, ਪੁਲ ਪ੍ਰਹਲਾਦਪੁਰ ਸਮੇਤ ਕਈ ਸੜਕਾਂ 'ਤੇ ਪਾਣੀ ਭਰ ਜਾਣ ਕਾਰਨ ਟ੍ਰੈਫਿਕ ਸਿਸਟਮ ਪੂਰੀ ਤਰ੍ਹਾਂ ਖਰਾਬ ਹੋ ਗਿਆ ਹੈ। ਰਿੰਗ ਰੋਡ, ਪ੍ਰਗਤੀ ਮੈਦਾਨ, ਪਾਲਮ, ਕਿਰੀਰੀ, ਰੋਹਤਕ ਰੋਡ 'ਤੇ ਸਥਿਤੀ ਬਦ ਤੋਂ ਬਦਤਰ ਹੈ।


 


ਪ੍ਰਹਿਲਾਦਪੁਰ ਅੰਡਰਪਾਸ ਬ੍ਰਿਜ 'ਤੇ ਜ਼ਿਆਦਾ ਪਾਣੀ ਭਰਨ ਕਾਰਨ ਆਵਾਜਾਈ ਨੂੰ ਮੋੜ ਦਿੱਤਾ ਗਿਆ ਹੈ। ਦਿੱਲੀ ਟ੍ਰੈਫਿਕ ਪੁਲਿਸ ਨੇ ਟਵੀਟ ਕੀਤਾ ਕਿ ਪ੍ਰਹਿਲਾਦਪੁਰ ਰੇਲਵੇ ਬ੍ਰਿਜ ਵੱਲ ਜਾਣ ਵਾਲੀ ਟ੍ਰੈਫਿਕ ਨੂੰ ਮਹਿਰੌਲੀ ਬਦਰਪੁਰ ਰੋਡ ਤੋਂ ਮਥੁਰਾ ਰੋਡ ਵੱਲ ਮੋੜ ਦਿੱਤਾ ਗਿਆ ਹੈ। ਉਥੇ ਹੀ ਮਿਲਨੀਅਮ ਪਾਰਕ ਦੇ ਨੇੜੇ ਰਿੰਗ ਰੋਡ, ਸਰਾਏ ਕਾਲੇ ਖਾਂ, ਕਿਲੋਕਰੀ, ਧੌਲਾ ਕੁਆ, ਵਿਕਾਸ ਮਾਰਗ, ਆਜ਼ਾਦ ਪੁਰ ਆਦਿ ਥਾਵਾਂ 'ਤੇ ਆਵਾਜਾਈ ਹੌਲੀ ਹੈ। 


 


ਗੁਰੂਗ੍ਰਾਮ ਵਿਚ ਸੋਹਨਾ ਰੋਡ 'ਤੇ ਵਾਹਨਾਂ ਦੀ ਇਕ ਲੰਬੀ ਲਾਈਨ ਦਿਖਾਈ ਦਿੱਤੀ। ਨੋਇਡਾ ਵਿਚ, ਫਿਲਮ ਸਿਟੀ, ਸੈਕਟਰ 18 ਅਤੇ ਸੈਕਟਰ 12-22 ਵਰਗੇ ਖੇਤਰਾਂ ਵਿਚ ਆਵਾਜਾਈ ਹੌਲੀ ਰਹੀ। ਪਲਵਲ ਵਿਚ ਨੈਸ਼ਨਲ ਹਾਈਵੇਅ 'ਤੇ 3 ਫੁੱਟ ਤੱਕ ਪਾਣੀ ਭਰਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਗੁਰੂਗਰਾਮ ਦੇ ਖਵਾਸਪੁਰ ਵਿਖੇ ਐਤਵਾਰ ਨੂੰ ਇਕ 3 ਮੰਜ਼ਿਲਾ ਇਮਾਰਤ ਢਹਿ ਗਈ। ਕਈ ਮਜ਼ਦੂਰਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ। ਮੀਂਹ ਦੇ ਵਿਚਕਾਰ ਬਚਾਅ ਕਾਰਜ ਇਥੇ ਜਾਰੀ ਰਿਹਾ।