ਨਵੀਂ ਦਿੱਲੀ: ਲੌਕਡਾਊਨ ਬਾਰੇ ਕੇਂਦਰੀ ਸਿਹਤ ਮੰਤਰਾਲੇ ਨੇ ਸਾਫ ਕੀਤਾ ਹੈ ਕਿ ਅਜੇ ਇਸ ਨੂੰ ਵਧਾਉਣ ਦਾ ਕੋਈ ਫੈਸਲਾ ਨਹੀਂ ਲਿਆ ਗਿਆ। ਇਸ ਲਈ ਕਿਆਸ ਨਾ ਲਾਓ। ਮੰਤਰਾਲੇ ਦੇ ਅਧਿਕਾਰੀ ਨੇ ਇਹ ਗੱਲ ਕੋਵਿਡ-19 ਬਾਰੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਹੀ।

ਦੱਸ ਦਈਏ ਕਿ ਅੱਜ ਲੌਕਡਾਊਨ ਬਾਰੇ, ਨਿਊਜ਼ ਏਜੰਸੀ ਏਐਨਆਈ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਕਈ ਰਾਜਾਂ ਤੇ ਮਾਹਰਾਂ ਨੇ ਕੇਂਦਰ ਸਰਕਾਰ ਨੂੰ ਲੌਕਡਾਊਨ ਦੀ ਮਿਆਦ ਵਧਾਉਣ ਦੀ ਸਲਾਹ ਦਿੱਤੀ ਹੈ। ਸੂਤਰਾਂ ਮੁਤਾਬਕ ਕੇਂਦਰ ਸਰਕਾਰ ਨੇ ਇਸ ਦਿਸ਼ਾ ‘ਚ ਸੋਚਣਾ ਸ਼ੁਰੂ ਕਰ ਦਿੱਤਾ ਹੈ ਪਰ ਸਿਹਤ ਮੰਤਰਾਲੇ ਨੇ ਕਿਹਾ ਕਿ ਸਰਕਾਰ ਨੇ ਅਜੇ ਕੋਈ ਫੈਸਲਾ ਨਹੀਂ ਲਿਆ।



ਮੰਗਲਵਾਰ ਸ਼ਾਮ ਕਰੀਬ 4 ਵਜੇ ਹੋਈ ਇੱਕ ਪ੍ਰੈਸ ਕਾਨਫਰੰਸ ਵਿੱਚ ਲਵ ਅਗਰਵਾਲ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 354 ਕੇਸ ਸਾਹਮਣੇ ਆਏ ਹਨ। ਦੇਸ਼ ਵਿੱਚ ਕੁੱਲ 4421 ਕੇਸ ਹੋਏ ਹਨ। ਉਨ੍ਹਾਂ ਕਿਹਾ ਕਿ 326 ਲੋਕਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਆਈਸੀਐਮਆਰ ਦੇ ਪ੍ਰਧਾਨ ਆਰ ਗੰਗਾਖੇਡਕਰ ਨੇ ਦੱਸਿਆ ਕਿ ਦੇਸ਼ ਵਿਚ ਹੁਣ ਤਕ 1,07,006 ਟੈਸਟ ਕੀਤੇ ਜਾ ਚੁੱਕੇ ਹਨ। ਇਸ ਸਮੇਂ, 136 ਸਰਕਾਰੀ ਅਤੇ 59 ਪ੍ਰਾਈਵੇਟ ਲੈਬਾਂ ਨੂੰ ਟੈਸਟ ਕਰਵਾਉਣ ਦੀ ਆਗਿਆ ਦਿੱਤੀ ਗਈ ਹੈ। ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਪੀਐਸ ਸ਼੍ਰੀਵਾਸਤਵ ਨੇ ਕਿਹਾ ਕਿ ਜ਼ਰੂਰੀ ਚੀਜ਼ਾਂ ਤੇ ਸੇਵਾਵਾਂ ਦੀ ਸਥਿਤੀ ਤਸੱਲੀਬਖਸ਼ ਹੈ।