ਲੁਧਿਆਣਾ: ਕੈਪਟਨ ਅਮਰਿੰਦਰ ਸਿੰਘ ਵਲੋਂ ਗੁਟਕਾ ਸਾਹਿਬ ਦੀ ਸੁੰਹ ਖਾ ਕੇ 4 ਹਫਤਿਆਂ 'ਚ ਨਸ਼ਾ ਪੰਜਾਬ 'ਚੋਂ ਖਤਮ ਕਰਨ ਦੀ ਗੱਲ ਆਖੀ ਗਈ ਸੀ। ਪਰ ਹੁਣ 'ਤੇ ਉਨ੍ਹਾਂ ਦੀ ਸਰਕਾਰ ਬਣਿਆ 4 ਸਾਲ ਤੋਂ ਵੀ ਕਿਤੇ ਵੱਧ ਸਮਾਂ ਹੋ ਚੱਲਾ ਹੈ। ਤੇ ਸੂਬੇ ਦੇ ਹਾਲਾਤ ਸਭ ਦੇ ਸਾਹਮਣੇ ਹਨ। ਲੁਧਿਆਣਾ ਦੇ ਰਹਿਣ ਵਾਲਾ 28 ਸਾਲਾ ਭਾਗ ਸਿੰਘ ਨਸ਼ਿਆਂ ਦਾ ਆਦੀ ਹੈ ਅਤੇ ਨਸ਼ਾ ਨਾ ਮਿਲਣ ਕਾਰਨ ਆਪਣਾ ਮਾਨਸਿਕ ਸੰਤੁਲਨ ਗੁਆ ਚੁੱਕਾ ਹੈ। ਮਾਂ ਕੋਲ ਇਲਾਜ ਲਈ ਪੈਸੇ ਨਹੀਂ ਹਨ, ਇਸ ਲਈ ਉਸ ਨੇ ਆਪਣੇ ਬੇਟੇ ਨੂੰ ਦਰੱਖਤ ਨਾਲ ਬੰਨ੍ਹ ਦਿੱਤਾ। ਜੇ ਇਸ ਨੂੰ ਖੋਲ੍ਹਿਆ ਜਾਂਦਾ ਹੈ, ਤਾਂ ਉਹ ਨਸ਼ੇ ਲਈ ਪਿੰਡ ਦੇ ਲੋਕਾਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੰਦਾ ਹੈ।
ਉਸ ਨੇ ਨਸ਼ੇ ਲਈ ਘਰ ਦੀਆਂ ਅੱਧੀਆਂ ਵਸਤਾਂ ਵੇਚ ਦਿੱਤੀਆਂ ਹਨ, ਪਰਿਵਾਰ ਕੋਲ ਜੋ ਕੁਝ ਹੈ ਉਸ ਨਾਲ ਦੋ ਵਕਤ ਦੀ ਰੋਟੀ ਹੀ ਖਾ ਰਹੇ ਹਨ। ਉਸਦੀ ਬੇਸਹਾਰਾ ਮਾਂ ਕੋਲ ਬੇਵਸੀ ਦੇ ਇਲਾਵਾ ਕੁਝ ਨਹੀਂ ਹੈ। ਪਿੰਡ ਸਿਹਾਲਾ ਦੀ ਚਰਨਜੀਤ ਕੌਰ ਦੱਸਦੀ ਹੈ ਕਿ ਬੇਟੇ ਨੇ ਕਰੀਬ ਦੋ ਸਾਲ ਪਹਿਲਾਂ ਪਿੰਡ ਦੇ ਨਸ਼ੇੜੀਆਂ ਦੇ ਨਾਲ ਮਿਲ ਕੇ ਨਸ਼ੇ ਕਰਨੇ ਸ਼ੁਰੂ ਕੀਤੇ ਸੀ। ਪਹਿਲਾਂ ਉਹ ਨਸ਼ਿਆਂ ਲਈ ਪੈਸੇ ਚੋਰੀ ਕਰਦਾ ਸੀ ਅਤੇ ਬਾਅਦ ਵਿੱਚ ਘਰੇਲੂ ਸਾਮਾਨ ਚੋਰੀ ਕਰਨ ਲੱਗ ਪਿਆ। ਉਸ ਦੇ ਪਤੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਅਤੇ ਹੁਣ ਹਾਲਤ ਇਹ ਹੈ ਕਿ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਗਿਆ ਹੈ।
ਚਰਨਜੀਤ ਕੌਰ ਨੇ ਕਿਹਾ ਕਿ ਮੈਂ ਬੇਟੇ ਦਾ ਇਲਾਜ ਨਹੀਂ ਕਰਵਾ ਸਕਦੀ, ਇਸ ਲਈ ਉਸ ਨੂੰ ਦਰੱਖਤ ਨਾਲ ਬੰਨ੍ਹ ਦਿੱਤਾ। ਕਿਉਂਕਿ ਉਹ ਆਪਣੀ ਆਦਤ ਅਤੇ ਪਾਗਲਪਨ ਕਾਰਨ ਲੋਕਾਂ 'ਤੇ ਹਮਲਾ ਕਰਦਾ ਹੈ। ਹੁਣ ਉਹ ਕਿਸੇ ਨੂੰ ਪਰੇਸ਼ਾਨ ਨਹੀਂ ਕਰਦਾ ਅਤੇ ਮੇਰੀਆਂ ਅੱਖਾਂ ਦੇ ਸਾਹਮਣੇ ਰਹਿੰਦਾ ਹੈ। ਇਹ ਦਰਦ ਮਾਂ ਦੇ ਚਿਹਰੇ 'ਤੇ ਸਾਫ਼ ਦਿਖਾਈ ਦੇ ਰਿਹਾ ਹੈ ਕਿ ਬੇਟਾ ਹੌਲੀ ਹੌਲੀ ਉਸਦੇ ਸਾਹਮਣੇ ਮੌਤ ਦੇ ਮੂੰਹ ਵਿੱਚ ਜਾ ਰਿਹਾ ਹੈ।
ਪਿੰਡ ਦੇ ਸਾਬਕਾ ਸਰਪੰਚ ਰਮੇਸ਼ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਪਿੰਡ ਦੀ ਆਬਾਦੀ 3000 ਹਜ਼ਾਰ ਹੈ ਅਤੇ ਇਸ ਦੀਆਂ 1600 ਵੋਟਾਂ ਹਨ। ਸਥਿਤੀ ਅਜਿਹੀ ਹੈ ਕਿ ਹਰ ਤੀਜੇ ਜਾਂ ਚੌਥੇ ਘਰ ਵਿੱਚ ਨਸ਼ਾ ਹੁੰਦਾ ਹੈ ਅਤੇ ਹਰ ਮਹੀਨੇ ਜਾਂ ਦੂਜੇ ਮਹੀਨੇ ਨੌਜਵਾਨ ਨਸ਼ਾ ਕਰਕੇ ਮਰ ਰਹੇ ਹਨ। ਸਰਕਾਰ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ ਨਸ਼ਿਆਂ ਨੂੰ ਖ਼ਤਮ ਕਰਨ ਦੇ ਕੀਤੇ ਵਾਅਦਿਆਂ ਦੀ ਫੂਕ ਨਿਕਲ ਗਈ ਹੈ। ਉਨ੍ਹਾਂ ਸਰਕਾਰ ਤੋਂ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ।
ਸਬ ਡਿਵੀਜ਼ਨ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ: ਤਰਕਜੋਤ ਸਿੰਘ ਦਾ ਕਹਿਣਾ ਹੈ ਕਿ ਨੌਜਵਾਨ ਭਾਗ ਸਿੰਘ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ। ਸਾਨੂੰ ਪਤਾ ਲੱਗਾ ਅਤੇ ਉਸ ਨੂੰ ਇੱਥੇ ਲਿਆਂਦਾ ਜਾਵੇਗਾ ਅਤੇ ਉਸਦਾ ਇਲਾਜ ਕੀਤਾ ਜਾਵੇਗਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਦਾ ਇਲਾਜ ਸਰਕਾਰੀ ਖਰਚੇ 'ਤੇ ਕੀਤਾ ਜਾਵੇ ਅਤੇ ਪਰਿਵਾਰ ਨੂੰ ਇਸ 'ਤੇ ਬੋਝ ਨਾ ਪਾਇਆ ਜਾਵੇ।