ABP ਸਾਂਝਾ ਦੀ ਇਨਵੈਸਟੀਗੇਸ਼ਨ
ਅਮਨਦੀਪ ਦੀਕਸ਼ਿਤ
ਚੰਡੀਗੜ੍ਹ: ਪੰਜਾਬ ਦੇ ਹਾਈ ਪ੍ਰੋਫਾਈਲ ਡਰੱਗ ਮਾਮਲੇ ਵਿੱਚ 18 ਵਲਾਇਤੀ ਸਮਗਲਰਾਂ ਦੇ ਨਾਂ ਤੇ ਜਾਇਦਾਦਾਂ ਦੀ ਖਬਰ ਨਸ਼ਰ ਕਰਨ ਤੋਂ ਬਾਅਦ 'ਏਬੀਪੀ ਸਾਂਝਾ' ਨੇ ਇੱਕ ਨਵਾਂ ਖੁਲਾਸਾ ਕੀਤਾ ਹੈ। ਅਸੀਂ ਆਪਣੀ ਪੜਤਾਲ ਨੂੰ ਅੱਗੇ ਵਧਾਇਆ, ਤਾਂ ਖੁਲਾਸਾ ਹੋਇਆ ਕਿ ਇਨ੍ਹਾਂ 18 ਵਲਾਇਤੀਆਂ ਵਿੱਚੋਂ ਕੁਝ ਨਾਂ ਇੰਟਰਪੋਲ ਦੀ ਲਿਸਟ 'ਤੇ ਵੀ ਹਨ।
18 ਐਨਆਰਆਈ ਪੰਜਾਬੀਆਂ ਦੇ ਪੰਜਾਬ ਵਿੱਚ ਨਸ਼ਾ ਤਸਕਰੀ ਕਨੈਕਸ਼ਨ ਦੀ ਪੁਸ਼ਟੀ ਤੋਂ ਬਾਅਦ ਪੰਜਾਬ ਪੁਲਿਸ ਨੇ ਇਨ੍ਹਾਂ ਵਿੱਚੋਂ 5 ਵਲਾਇਤੀਆਂ ਦੀ ਜਾਣਕਾਰੀ ਇੰਟਰਪੋਲ ਤੱਕ ਪਹੁੰਚਾਈ। ਇਸ ਤੋਂ ਬਾਅਦ ਇਹ ਪੰਜ NRI ਨਸ਼ਾ ਤਸਕਰੀ ਮਾਮਲੇ ਵਿੱਚ ਇੰਟਰਪੋਲ ਦੀ ਮੋਸਟ ਵਾਂਟੇਡ ਲਿਸਟ ਵਿੱਚ ਹਨ। ਪੰਜੇ ਮੁਲਜ਼ਮਾਂ ਦੀ ਉਮਰ, ਪੰਜਾਬ 'ਚ ਪਤਾ ਤੇ ਇਨ੍ਹਾਂ ਖਿਲਾਫ ਲੱਗੇ ਦੋਸ਼ਾਂ ਸਬੰਧੀ ਜਾਣਕਾਰੀ ਇੰਟਰਪੋਲ ਦੀ ਮੋਸਟ ਵਾਂਟੇਡ ਲਿਸਟ ਵਿੱਚ ਦਰਜ ਕਰ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਕੈਨੇਡਾ ਵਿੱਚ ਰਹਿਣ ਵਾਲੇ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਦੇ ਖਾਸ ਪਰਮਿੰਦਰ ਸਿੰਘ ਦਿਓਲ ਉਲਫ ਪਿੰਦੀ ਇੰਟਰਪੋਲ ਦੀ ਲਿਸਟ ਵਿੱਚ ਸਿਖਰਲੇ ਨੰਬਰ 'ਤੇ ਹੈ। ਪਿੰਦੀ ਦੇ ਹੋਰ ਸਾਥੀ ਰਣਜੀਤ ਸਿੰਘ ਔਜਲਾ, ਨਿਰੰਕਾਰ ਸਿੰਘ, ਲਹਿੰਬਰ ਸਿੰਘ ਤੇ ਨਾਭਾ ਜੇਲ੍ਹ ਵਿੱਚ ਬੰਦ ਅਨੂਪ ਸਿੰਘ ਕਾਹਲੋਂ ਦੀ ਪਤਨੀ ਰਣਜੀਤ ਕੌਰ ਕਾਹਲੋਂ ਦਾ ਨਾਂ ਹੁਣ ਅੰਤਰਾਸ਼ਟਰੀ ਮੁਲਜ਼ਮਾਂ ਵਿੱਚ ਸ਼ਾਮਲ ਹੈ।
ਇੰਟਰਪੋਲ ਦੇ ਰਾਡਾਰ 'ਤੇ NRI
1. ਪਰਮਿੰਦਰ ਸਿੰਘ ਦਿਓਲ ਉਲਫ ਪਿੰਦੀ
ਇੰਟਰਪੋਲ 'ਤੇ ਦਿੱਤੀ ਜਾਣਕਾਰੀ ਮੁਤਾਬਕ, ਪਿੰਦੀ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਦੇ ਖਾਸ ਹਨ। ਪਿੰਦੀ ਖਿਲਾਫ NDPS ਐਕਟ, ਧੋਖਾਧੜੀ, ਚੋਰੀ, ਕਾਗਜ਼ਾਤ ਨਾਲ ਛੇੜਛਾੜ, ਆਰਮਜ਼ ਐਕਟ ਤੇ ਅਪਰਾਧਿਕ ਸਾਜਿਸ਼ ਕਰਨ ਦੇ ਇਲਜ਼ਾਮ ਹਨ। ਇੰਟਰਪੋਲ 'ਤੇ ਉਪਲਬਧ ਜਾਣਕਾਰੀ ਮੁਤਾਬਕ ਪਿੰਦੀ ਦੀ ਉਮਰ 62 ਸਾਲ ਹੈ।
2. ਰਣਜੀਤ ਸਿੰਘ ਔਜਲਾ ਉਰਫ ਦਾਰਾ ਸਿੰਘ
ਇੰਟਰਪੋਲ ਦੀ ਜਾਣਕਾਰੀ ਮੁਤਾਬਕ, ਰਣਜੀਤ ਵਿਦੇਸ਼ ਵਿੱਚ ਨਸ਼ੇ ਦਾ ਲੈਣ ਦੇਣ ਕਰਦਾ ਸੀ। ਇਸ ਦੇ ਨਾਲ ਹੀ ਧੋਖਾਧੜੀ, ਚੋਰੀ, ਕਾਗਜ਼ਾਤ ਨਾਲ ਛੇੜਛਾੜ ਤੇ ਜਾਅਲੀ ਕਾਗਜ਼ਾਤ ਨੂੰ ਅਸਲੀ ਵਾਂਗ ਵਰਤਣ ਦੇ ਵੀ ਦੋਸ਼ ਹਨ।
3. ਲਹਿੰਬਰ ਸਿੰਘ
ਲਹਿੰਬਰ ਖਿਲਾਫ ਨਸ਼ਾ ਤਸਕਰੀ ਸਮੇਤ ਦੋਸ਼ਾਂ ਦੀ ਲਿਸਟ ਬਹੁਤ ਲੰਬੀ ਹੈ। ਇੰਟਰਪੋਲ ਤੋਂ ਮਿਲੀ ਜਾਣਕਾਰੀ ਮੁਤਾਬਕ ਲਹਿੰਬਰ ਦੀ ਉਮਰ 53 ਸਾਲ ਹੈ। ਲਹਿੰਬਰ ਖਿਲਾਫ ਨਸ਼ੇ ਮੰਗਵਾਉਣ ਤੇ ਅੱਗੇ ਸਪਲਾਈ ਕਰਨ ਦੇ ਇਲਜ਼ਾਮ ਹਨ। ਇੰਨਾ ਹੀ ਨਹੀਂ, ਧੋਖਾਧੜੀ, ਚੋਰੀ, ਕਾਗਜ਼ਾਤ ਨਾਲ ਛੇੜਛਾੜ, ਜਾਅਲੀ ਕਾਗਜ਼ਾਂ ਨੂੰ ਅਸਲ ਦੱਸ ਕਰ ਵਰਤਣਾ ਤੇ ਅਪਰਾਧਿਕ ਸਾਜਿਸ਼ ਦੇ ਵੀ ਇਲਜ਼ਾਮ ਹਨ।
4. ਨਿਰੰਕਾਰ ਸਿੰਘ ਢਿੱਲੋਂ ਉਲਫ ਨੌਰੰਗ ਸਿੰਘ
ਨੌਰੰਗ ਸਿੰਘ ਖਿਲਾਫ NDPS ਐਕਟ ਸਮੇਤ ਧੋਖਾਧੜੀ, ਚੋਰੀ, ਕਾਗਜ਼ਾਤਾਂ ਨਾਲ ਛੇੜਛਾੜ, ਜਾਅਲੀ ਕਾਗਜ਼ਾਂ ਨੂੰ ਅਸਲ ਦੱਸ ਕਰ ਵਰਤਣਾ ਤੇ ਅਪਰਾਧਿਕ ਸਾਜਿਸ਼ ਦੇ ਇਲਜ਼ਾਮ ਹਨ।
5. ਰਣਜੀਤ ਕੌਰ ਕਾਹਲੋਂ
ਅਨੂਪ ਸਿੰਘ ਕਾਹਲੋਂ ਦੀ ਪਤਨੀ ਰਣਜੀਤ ਕੌਰ ਕਾਹਲੋਂ ਖਿਲਾਫ ਵੀ NDPS ਐਕਟ ਸਮੇਤ ਧੋਖਾਧੜੀ, ਚੋਰੀ, ਕਾਗਜ਼ਾਤਾਂ ਨਾਲ ਛੇੜਛਾੜ, ਜਾਅਲੀ ਕਾਗਜ਼ਾਂ ਨੂੰ ਅਸਲ ਦੱਸ ਕਰ ਵਰਤਣਾ ਤੇ ਅਪਰਾਧਿਕ ਸਾਜਿਸ਼ ਦੇ ਵੀ ਇਲਜ਼ਾਮ ਹਨ।