ਚੰਡੀਗੜ੍ਹ: 57 ਸਾਲਾ ਡੀਐਸਪੀ ਦਵਿੰਦਰ ਸਿੰਘ ਕਈ ਹਫ਼ਤਿਆਂ ਤੋਂ ਪੁਲਿਸ ਦੇ ਰਾਡਾਰ 'ਤੇ ਸੀ। ਸ਼ੋਪੀਆਂ ਦੇ ਐਸਪੀ ਸੰਦੀਪ ਚੌਧਰੀ ਪਹਿਲੇ ਅਧਿਕਾਰੀ ਸੀ ਜਿਨ੍ਹਾਂ ਨੇ ਦਵਿੰਦਰ ਸਿੰਘ ਦੀ ਸ਼ੱਕੀ ਕਾਲ ਨੂੰ ਰਿਕਾਰਡ ਕੀਤਾ ਸੀ। ਉਨ੍ਹਾਂ ਤੁਰੰਤ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਦਵਿੰਦਰ ਸਿੰਘ ਕੁਝ ਦਿਨ ਪਹਿਲਾਂ ਅੱਤਵਾਦੀ ਨਵੀਦ ਬਾਬੂ ਨੂੰ ਸ੍ਰੀਨਗਰ ਲਿਆਉਣ ਲਈ ਸ਼ੋਪੀਆ ਗਿਆ ਸੀ। ਡੀਐਸਪੀ ਦਵਿੰਦਰ ਸਿੰਘ ਹੁਣ ਨਵੀਦ ਬਾਬੂ ਤੇ ਰਫੀ ਨੂੰ ਜੰਮੂ ਤੋਂ ਭੱਜਣ 'ਚ ਮਦਦ ਕਰ ਰਿਹਾ ਸੀ।
ਜ਼ਖਮੀ ਹੋਇਆ ਤਾਂ ਮਿਲਿਆ ਆਊਟ ਆਫ਼ ਟਰਨ ਪ੍ਰਮੋਸ਼ਨ
1990 'ਚ ਦਵਿੰਦਰ ਸਿੰਘ ਨੇ 10 ਸਾਲ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸਓਜੀ) ਨਾਲ ਕੰਮ ਕੀਤਾ। ਇਸ ਸਮੇਂ ਦੌਰਾਨ ਉਸ ਨੇ ਇੱਜ਼ਤ ਤੇ ਈਰਖਾ ਦੋਵਾਂ ਨੂੰ ਹਾਸਲ ਕੀਤੀਆਂ। ਦਵਿੰਦਰ ਸਿੰਘ ਨੂੰ ਉਸ ਦੇ ਕੰਮ ਲਈ ਆਊਟ ਆਫ਼ ਟਰਨ ਤਰੱਕੀ ਦਿੱਤੀ ਗਈ ਤੇ ਇੰਸਪੈਕਟਰ ਬਣਾਇਆ ਗਿਆ। ਅੱਤਵਾਦੀਆਂ ਖਿਲਾਫ ਅਜਿਹੀ ਹੀ ਇੱਕ ਕਾਰਵਾਈ ਦੌਰਾਨ ਦਵਿੰਦਰ ਸਿੰਘ ਬਡਗਾਮ ਵਿੱਚ ਜ਼ਖ਼ਮੀ ਹੋ ਗਿਆ ਸੀ।
ਡਰੱਗਸ ਨਾਲ ਫੜਿਆ ਗਿਆ, ਜਾਂਚ ਹੋਈ
ਇੱਕ ਵਾਰ ਦਵਿੰਦਰ ਸਿੰਘ ਡਰਗ ਡੀਲਰ ਨੂੰ ਗੈਰ ਕਾਨੂੰਨੀ ਢੰਗ ਨਾਲ ਨਸ਼ਾ ਵੇਚਦਾ ਫੜਿਆ ਗਿਆ ਸੀ, ਉਸ ਖਿਲਾਫ ਜਾਂਚ ਵੀ ਕੀਤੀ ਗਈ। ਦਵਿੰਦਰ ਸਿੰਘ ਖਿਲਾਫ ਜਬਰ ਜਨਾਹ ਦੇ ਦੋਸ਼ ਵੀ ਲੱਗੇ ਹਨ। ਇੱਕ ਹੋਰ ਘਟਨਾ ਜਿਸ ਦੌਰਾਨ ਦਵਿੰਦਰ ਸਿੰਘ 'ਤੇ ਸਭ ਦੀ ਨਜ਼ਰ ਉਸ ਵੇਲੇ ਸੀ ਜਦੋਂ ਉਸ ਨੇ ਡੰਡੇ ਨਾਲ ਭਰੇ ਟਰੱਕ ਨੂੰ ਅਗਵਾ ਕਰ ਲਿਆ ਸੀ। ਬਾਅਦ 'ਚ ਪਤਾ ਲੱਗਿਆ ਕਿ ਇਹ ਟਰੱਕ ਸਾਬਕਾ ਸੀਐਮ ਗੁਲਾਮ ਮੋਈਦੀਨ ਸ਼ਾਹ ਦੇ ਰਿਸ਼ਤੇਦਾਰ ਦਾ ਸੀ।
ਅਫਜ਼ਲ ਗੁਰੂ ਨਾਲ ਵੀ ਲਿੰਕ
ਅੱਤਵਾਦ ਨਾਲ ਡੀਐਸਪੀ ਦਵਿੰਦਰ ਸਿੰਘ ਦਾ ਪਹਿਲਾ ਰਿਸ਼ਤਾ ਉਸ ਵੇਲੇ ਸਾਹਮਣੇ ਆਇਆ ਜਦੋਂ ਅੱਤਵਾਦੀ ਹਮਲੇ ਦੇ ਮੁਲਜ਼ਮ ਅਫਜ਼ਲ ਗੁਰੂ ਨੇ ਆਪਣੇ ਵਕੀਲ ਨੂੰ ਲਿਖੇ ਪੱਤਰ 'ਚ ਲਿਖਿਆ ਸੀ ਕਿ ਦਵਿੰਦਰ ਸਿੰਘ ਨੇ ਉਸ ਨੂੰ ਅੱਤਵਾਦੀ ਨੂੰ ਦਿੱਲੀ ਲਿਆਉਣ ਤੇ ਇੱਥੇ ਰਹਿਣ ਦਾ ਇੰਸਜ਼ਾਮ ਕਰਨ ਲਈ ਕਿਹਾ ਸੀ। ਇਹ ਅੱਤਵਾਦੀ ਜੈਸ਼ ਦਾ ਉਹੀ ਮੈਂਬਰ ਸੀ ਜੋ ਸੰਸਦ ‘ਤੇ ਹਮਲੇ ਦੌਰਾਨ ਸੁਰੱਖਿਆ ਬਲਾਂ ਦੀ ਕਾਰਵਾਈ ਦੌਰਾਨ ਮਾਰਿਆ ਗਿਆ ਸੀ। ਹਾਲਾਂਕਿ ਅਫਜ਼ਲ ਦੀ ਚਿੱਠੀ 'ਚ ਦਵਿੰਦਰ ਸਿੰਘ ਦਾ ਨਾਂ ਆਉਣ ਦੇ ਬਾਵਜੂਦ ਵੀ ਉਸ ਤੋਂ ਪੁੱਛਗਿੱਛ ਨਹੀਂ ਕੀਤੀ ਗਈ।
ਐਸਓਜੀ ਤੋਂ ਟ੍ਰੈਫਿਕ ਪੁਲਿਸ 'ਚ ਆਇਆ
ਸਪੈਸ਼ਲ ਆਪ੍ਰੇਸ਼ਨ ਗਰੁੱਪ 'ਚ ਕੰਮ ਕਰਨ ਤੋਂ ਬਾਅਦ ਦਵਿੰਦਰ ਸਿੰਘ ਨੂੰ ਟ੍ਰੈਫਿਕ ਪੁਲਿਸ 'ਚ ਤਬਦੀਲ ਕਰ ਦਿੱਤਾ ਗਿਆ। ਦਵਿੰਦਰ ਸਿੰਘ ਸਾਲ 2003 'ਚ ਕੋਸੋਵੋ ਗਈ ਸ਼ਾਂਤੀ ਰੱਖਿਅਕ ਟੀਮ ਦਾ ਵੀ ਹਿੱਸਾ ਸੀ। ਪਿਛਲੇ ਦਿਨੀਂ ਉਸ ਨੂੰ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ ਗਿਆ ਸੀ। ਉਸ ਖਿਲਾਫ ਜੁਰਮਾਂ ਦੀ ਸੂਚੀ ਸਾਹਮਣੇ ਆਉਣ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, "ਜੰਮੂ-ਕਸ਼ਮੀਰ ਪੁਲਿਸ ਇੱਕ ਪੇਸ਼ੇਵਰ ਤਾਕਤ ਹੈ, ਇਸ ਨਾਲ ਅੱਤਵਾਦੀ ਵਰਗਾ ਸਲੂਕ ਕੀਤਾ ਜਾਵੇਗਾ।"