ਬ੍ਰਿਟੇਨ: ਬ੍ਰਿਟੇਨ ਦੀ ਮਹਾਰਾਨੀ ਐਲੀਜ਼ਾਬੇਥ ਦਿਤਿਆ ਨੇ ਪ੍ਰਿੰਸ ਹੈਰੀ ਤੇ ਉਹਨਾਂ ਦੀ ਪਤਨੀ ਮੇਘਨ ਨੂੰ ਵੱਖ ਰਹਿਣ ਦੀ ਇਜਾਜ਼ਤ ਦੇ ਦਿੱਤੀ ਹੈ।ਸੈਂਡਿਰੰਗਮ 'ਚ ਦੋ ਘੰਟੇ ਲੰਮੀ ਬੈਠਕ ਹੋਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਇਸ ਬੈਠਕ 'ਚ ਪ੍ਰਿੰਸ ਹੈਰੀ, ਪ੍ਰਿੰਸ ਵਿਲੀਅਮ ਤੇ ਉਹਨਾਂ ਦੇ ਪਿਤਾ ਪ੍ਰਿੰਸ ਚਾਰਲਸ ਵੱਖ-ਵੱਖ ਕਾਰਾਂ ਰਾਹੀਂ ਇਸ ਬੈਠਕ 'ਚ ਪਹੁੰਚੇ, ਜਦਕਿ ਮੇਘਨ ਫੌਨ ਰਾਹੀਂ ਬੈਠਕ 'ਚ ਸ਼ਾਮਿਲ ਹੋਈ। ਮੇਘਨ ਆਪਣੇ 8 ਮਹੀਨੇ ਦੇ ਬੇਟੇ ਆਰਚੀ ਨਾਲ ਕੇਨੈਡਾ 'ਚ ਹੈ।


ਬਕਿੰਘਮ ਪੈਲੇਸ ਨੇ ਬਿਆਨ ਜਾਰੀ ਕਰਕੇ ਬੈਠਕ ਬਾਰੇ ਜਾਣਕਾਰੀ ਦਿੱਤੀ। ਬਿਆਨ ਦੇ ਮੁਤਾਬਕ, ਮਹਾਰਾਨੀ ਐਲੀਜ਼ਾਬੇਥ ਨੇ ਕਿਹਾ, "ਮੇਰੇ ਪਰਿਵਾਰ ਦੇ ਮੈਂਬਰਾਂ 'ਚ ਮੇਰੇ ਪੋਤੇ ਤੇ ਉਸਦੇ ਪਰਿਵਾਰ ਦੇ ਭੱਵਿਖ ਬਾਰੇ ਗੰਭੀਰ ਚਰਚਾ ਹੋਈ। ਮੇਰਾ ਪਰਿਵਾਰ ਤੇ ਮੈਂ ਪ੍ਰਿੰਸ ਹੈਰੀ ਅਤੇ ਮੇਘਨ ਨੂੰ ਲੀਹ ਤੋਂ ਹੱਟ ਕੇ ਜੀਵਨ ਜੀਣ ਦੀ ਇੱਛਾ ਤੋਂ ਸਹਿਮਤ ਹਾਂ। ਹਾਲਾਂਕਿ ਮੈਂ ਉਹਨਾਂ ਨੂੰ ਸ਼ਾਹੀ ਪਰਿਵਾਰ ਦੇ ਪੂਰੇ ਸਮੇਂ ਕੰਮ ਕਰਨ ਵਾਲੇ ਮੈਂਬਰ ਬਣੇ ਰਹਿਣ ਨੂੰ ਤਰਜੀਹ ਦਿੱਤੀ ਹੈ। ਅਸੀਂ ਉਹਨਾਂ ਦੇ ਇਸ ਫੈਸਲੇ ਦਾ ਸਨਮਾਨ ਕਰਦੇ ਹਾਂ ਤੇ ਉਹਨਾਂ ਦੇ ਇੱਕ ਪਰਿਵਾਰ ਦੇ ਰੂਪ 'ਚ ਜ਼ਿਆਦਾ ਆਜ਼ਾਦ ਜੀਵਨ ਜੀਣ ਦੀ ਇੱਛਾ ਨੂੰ ਸਮਝਦੇ ਹਾਂ।

ਗੌਰਤਲਬ ਹੈ ਕਿ ਸ਼ਾਹੀ ਜੋੜੇ ਨੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਸ਼ਾਹੀ ਭੂਮਿਕਾ ਤੋਂ ਪਿੱਛੇ ਹੱਟਣ ਦੀ ਇੱਛਾ ਰੱਖਦੇ ਹਨ। ਉਹਨਾਂ ਇਸਦੇ ਪਿੱਛੇ ਕਾਰਨ ਦੱਸਦਿਆਂ ਕਿਹਾ ਸੀ ਕਿ ਉਹ ਆਪਣਾ ਸਮਾਂ ਕੇਨੈਡਾ ਤੇ ਉੱਤਰ ਅਮਰੀਕਾ 'ਚ ਵਤੀਤ ਕਰਨਾ ਚਾਹੁੰਦੇ ਹਨ ਤੇ ਆਰਥਿਕ ਰੂਪ 'ਚ ਸਵੈ-ਨਿਰਭਰ ਬਨਣਾ ਚਾਹੁੰਦੇ ਹਨ।