ਨਵੀਂ ਦਿੱਲੀ: ਸ਼ਨੀਵਾਰ ਨੂੰ ਕਸ਼ਮੀਰ ਵਿੱਚ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀਆਂ ਨਾਲ ਗ੍ਰਿਫ਼ਤਾਰ ਜੰਮੂ-ਕਸ਼ਮੀਰ ਪੁਲਿਸ ਦੇ ਡੀਐਸਪੀ ਦਵਿੰਦਰ ਸਿੰਘ ਦਾ ਹੁਣ ਖਾਲਿਸਤਾਨ ਕਨੈਕਸ਼ਨ ਵੀ ਖੰਗਾਲਿਆ ਜਾ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਪਿਛਲੇ ਸਾਲ ਪੰਜਾਬ 'ਚ ਡਰੋਨ ਰਾਹੀਂ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ 'ਚ ਜਿਸ ਅੱਤਵਾਦੀ ਦਾ ਨਾਂ ਸਾਹਮਣੇ ਆ ਰਿਹਾ ਹੈ, ਉਹ ਵੀ ਪੁਲਵਾਮਾ ਤੋਂ ਹੈ।


ਡੀਐਸਪੀ ਦਵਿੰਦਰ ਸਿੰਘ ਤੋਂ ਜੰਮੂ-ਕਸ਼ਮੀਰ ਪੁਲਿਸ ਤੇ ਏਜੰਸੀ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੂਤਰਾਂ ਨੇ 'ਏਬੀਪੀ ਨਿਊਜ਼' ਨੂੰ ਦੱਸਿਆ ਹੈ ਕਿ ਸਾਲ 2018 'ਚ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਕੁਝ ਕਸ਼ਮੀਰੀ ਨੌਜਵਾਨਾਂ ਨੂੰ ਵੀ ਚੰਡੀਗੜ੍ਹ ਨੇੜੇ ਫੜਿਆ ਗਿਆ ਸੀ। ਜਾਂਚ ਏਜੰਸੀਆਂ ਹੁਣ ਇਨ੍ਹਾਂ ਸਾਰੇ ਕੇਸਾਂ ਨੂੰ ਮੁਲਜ਼ਮ ਡੀਐਸਪੀ ਦਵਿੰਦਰ ਸਿੰਘ ਨਾਲ ਜੋੜ ਕੇ ਵੇਖ ਰਹੀਆਂ ਹਨ। ਅਸਲ 'ਚ ਜਿਹੜੇ ਅੱਤਵਾਦੀ ਮੁਅੱਤਲ ਕੀਤੇ ਡੀਐਸਪੀ ਦਵਿੰਦਰ ਸਿੰਘ ਦੇ ਘਰ ਤੋਂ ਆਪਣੀ ਕਾਰ 'ਚ ਪੰਜਾਬ ਲਈ ਰਵਾਨਾ ਹੋਏ ਸੀ, ਤੇ ਦੋਵਾਂ ਨੇ ਪੱਗ ਬੰਨ੍ਹੀ ਸੀ।

ਦੱਸ ਦਈਏ ਕਿ ਸੂਤਰਾਂ ਦਾ ਮੰਨਣਾ ਹੈ ਕਿ ਦਵਿੰਦਰ ਸਿੰਘ ਦਾ ਖਾਲਿਸਤਾਨੀ ਸਬੰਧ ਵੀ ਹੋ ਸਕਦਾ ਹੈ। ਜਾਂਚ ਏਜੰਸੀਆਂ ਮੁਤਾਬਕ ਦਵਿੰਦਰ ਸਿੰਘ ਨੇ ਆਪਣੀ ਪੁੱਛਗਿੱਛ 'ਚ ਕਬੂਲ ਕੀਤਾ ਕਿ ਉਹ ਦੋਵੇਂ ਹਿਜ਼ਬੁਲ ਅੱਤਵਾਦੀਆਂ ਨੂੰ ਚੰਡੀਗੜ੍ਹ ਲੈ ਜਾ ਰਿਹਾ ਸੀ। ਅਜਿਹੀ ਸਥਿਤੀ 'ਚ ਸੰਭਾਵਨਾ ਹੈ ਕਿ ਦਵਿੰਦਰ ਸਿੰਘ ਪੰਜਾਬ 'ਚ ਖਾਲਿਸਤਾਨੀ ਅੱਤਵਾਦੀਆਂ ਤੇ ਉਨ੍ਹਾਂ ਦੇ ਸਮਰਥਕਾਂ ਨਾਲ ਮਿਲਿਆ ਹੋਇਆ ਹੈ।

ਜੰਮੂ ਕਸ਼ਮੀਰ 'ਚ ਅੱਤਵਾਦੀਆਂ ਨਾਲ ਫੜੇ ਗਏ ਡੀਐਸਪੀ ਦਵਿੰਦਰ ਸਿੰਘ ਬਾਰੇ ਜਾਂਚ ਏਜੰਸੀਆਂ ਨੇ ਸਖ਼ਤ ਰੁਖ ਅਪਣਾਇਆ ਹੈ। ਐਨਆਈਏ ਦੀ ਟੀਮ ਦਵਿੰਦਰ ਸਿੰਘ ਕੇਸ ਦੀ ਜਾਂਚ ਲਈ ਕਸ਼ਮੀਰ ਪਹੁੰਚ ਗਈ ਹੈ। ਐਨਆਈਏ ਦੀ ਟੀਮ ਦਵਿੰਦਰ ਸਿੰਘ ਨੂੰ ਇੱਕ ਮਹੀਨੇ ਦੇ ਰਿਮਾਂਡ ‘ਤੇ ਵੀ ਲੈ ਸਕਦੀ ਹੈ। ਇਸ ਦੇ ਨਾਲ ਹੀ ਜਾਂਚ ਏਜੰਸੀ ਦਵਿੰਦਰ ਸਿੰਘ ਦੇ ਪਿਛਲੇ 10 ਸਾਲਾਂ ਦੇ ਇਨਕਮ ਟੈਕਸ ਰਿਟਰਨ ਦੇ ਰਿਕਾਰਡਾਂ ਵੀ ਖੰਗਾਲ ਰਹੀ ਹੈ