ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗਾਰਗੀ ਕਾਲਜ ਦੇ ਵਿਦਿਆਰਥੀਆਂ ਨਾਲ ਅਸ਼ਲੀਲ ਵਿਵਹਾਰ ਦੀਆਂ ਘਟਨਾਵਾਂ ਬਹੁਤ ਮੰਦਭਾਗੀਆਂ ਹਨ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ। ‘ਆਪ’ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਇਹ ਬਹੁਤ ਸ਼ਰਮਨਾਕ ਹੈ ਕਿ ਕੌਮੀ ਰਾਜਧਾਨੀ ‘ਚ ਅਜਿਹੀਆਂ ਘਟਨਾਵਾਂ ਵਾਪਰੀਆਂ।
ਦੂਜੇ ਪਾਸੇ, ਦਿੱਲੀ ਮਹਿਲਾ ਕਮਿਸ਼ਨ ਨੇ ਸੋਮਵਾਰ ਨੂੰ ਇਸ ਮਾਮਲੇ 'ਚ ਕੋਈ ਕਾਰਵਾਈ ਨਾ ਕਰਨ ਦੇ ਦੋਸ਼ 'ਚ ਦਿੱਲੀ ਪੁਲਿਸ ਅਤੇ ਗਾਰਗੀ ਕਾਲਜ ਨੂੰ ਇੱਕ ਨੋਟਿਸ ਭੇਜਿਆ। ਕਮਿਸ਼ਨ ਦੀ ਚੇਅਰਮੈਨ ਸਵਾਤੀ ਮਾਲੀਵਾਲ ਨੇ ਵੀ ਕਾਲਜ ਵਿੱਚ ਕਈ ਵਿਦਿਆਰਥਣਾਂ ਨਾਲ ਇਸ ਘਟਨਾ ਬਾਰੇ ਗੱਲਬਾਤ ਕੀਤੀ।
ਮਾਲੀਵਾਲ ਨੇ ਕਿਹਾ ਕਿ ਦਿੱਲੀ ਪੁਲਿਸ ਅਤੇ ਗਾਰਗੀ ਕਾਲਜ ਨੇ ਇਸ ਤਰ੍ਹਾਂ ਦੀ ਗੰਭੀਰ ਘਟਨਾ ਪ੍ਰਤੀ ਜਿਸ ਤਰ੍ਹਾਂ ਦਾ ਪ੍ਰਤੀਕਰਮ ਦਿੱਤਾ ਹੈ ਉਹ ਗੈਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ, “ਕੁੜੀਆਂ ਨੇ ਬਿਆਨ ਦਿੱਤੇ ਅਤੇ ਦੁਖਦਾਈ ਤਜਰਬੇ ਸਾਂਝੇ ਕੀਤੇ। ਕਾਲਜ ਪ੍ਰਸ਼ਾਸਨ ਨੇ ਕਾਰਵਾਈ ਕਰਨ ਅਤੇ ਸ਼ਿਕਾਇਤ ਦਰਜ ਕਰਨ ਦੀ ਬਜਾਏ ਵਿਦਿਆਰਥਣਾਂ ਨੂੰ ਕਿਹਾ ਕਿ ਜੇ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਿਆਂ ਤਾਂ ਉਨ੍ਹਾਂ ਨੂੰ ਕਾਲਜ ਪ੍ਰੋਗਰਾਮ 'ਚ ਹਿੱਸਾ ਨਹੀਂ ਲੈਣਾ ਚਾਹੀਦਾ।"