ਨਵੀਂ ਦਿੱਲੀ: ਪੀਐਨਬੀ ਘੋਟਾਲੇ ਦੇ ਆਰੋਪੀ ਨੀਰਵ ਮੋਦੀ ਦੇ ਖ਼ਜ਼ਾਨੇ ਨੂੰ ਈਡੀ ਨੀਲਾਮ ਕਰਨ ਜਾ ਰਹੀ ਹੈ। ਈਡੀ ਵਲੋਂ ਨੀਰਵ ਮੋਦੀ ਦੀਆਂ ਜ਼ਬਤ ਕੀਤੀਆਂ ਘੜੀਆਂ, ਲਗਜ਼ਰੀ ਗੱਡੀਆਂ ਤੇ ਹੋਰ ਜਾਇਦਾਦ ਦੀ ਨੀਲਾਮੀ ਕੀਤੀ ਜਾਵੇਗੀ। ਇਸਦੇ ਲਈ ਮੁੰਬਈ 'ਚ 27 ਫਰਵਰੀ ਨੂੰ ਨੀਲਾਮੀ ਕੀਤੀ ਜਾਵੇਗੀ ਤੇ ਬਾਅਦ 'ਚ 3 ਤੇ 4 ਮਾਰਚ ਨੂੰ ਆਨਲਾਈਨ ਨੀਲਾਮੀ ਹੋਵੇਗੀ।


ਇਸ ਬਾਰੇ ਦਸਦਿਆਂ ਸੈਫਰਨਾਰਟ ਦੇ ਸਹਿ ਸੰਸਥਾਪਕ ਤੇ ਸੀਈਓ ਦਿਨੇਸ਼ ਵਜੀਰਾਨੀ ਨੇ ਕਿਹਾ ਕਿ ਨੀਲਾਮੀ 'ਚ ਏਅਗਰ-ਲਾ-ਕੋਟ ਦੀਆਂ ਘੜੀਆਂ ਸ਼ਾਮਿਲ ਹਨ, ਜੋ ਦੁਨੀਆਂ ਦੀ ਸਭ ਤੋਂ ਜ਼ਿਆਦਾ ਲਗਜ਼ਰੀ ਘੜੀਆਂ 'ਚੋਂ ਇੱਕ ਹਨ। ਉੱਥੇ ਹੀ 'ਹਰਮ' ਦੇ 'ਬਿਰਕਿਨ' ਤੇ 'ਕੇਲੀ' ਗਰੁੱਪ ਦੇ ਹੈਂਡਬੈਗ ਵੀ ਅੰਤਰਾਸ਼ਟਰੀ ਲਕਜ਼ਰੀ ਸਮਾਨ ਹੈ। ਕੁਲੇਕਟਰ ਤੇ ਸੇਲਿਿਬ੍ਰਟੀਸ 'ਚ ਇਨ੍ਹਾਂ ਦੀ ਚੰਗੀ ਮੰਗ ਹੈ।

ਇਹ ਕੋਈ ਪਹਿਲੀ ਵਾਰ ਨਹੀਂ ਜਦ ਨੀਰਵ ਮੋਦੀ ਦੀ ਜਾਇਦਾਦ ਦੀ ਨੀਲਾਮੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾ ਪਿਛਲੇ ਸਾਲ ਮਾਰਚ 'ਚ ਸੈਫਰਨਾਰਟ ਨੇ ਇਨਕਮ ਟੈਕਸ ਵਿਭਾਗ ਦੇ ਲਈ ਨੀਰਵ ਮੋਦੀ ਦੀ ਪੇਂਟਿੰਗ ਨੀਲਾਮ ਕਰ 54.84 ਕਰੋੜ ਰੁਪਏ ਇਕੱਠੇ ਕੀਤੇ ਸੀ।

ਦਸ ਦਈਏ ਕਿ ਨੀਰਵ ਮੋਦੀ 'ਤੇ ਮੇਹੁਲ ਚੌਕਸੀ ਦੇ ਨਾਲ ਮਿਲ ਕੇ ਪੰਜਾਬ ਨੈਸ਼ਨਲ ਬੈਂਕ ਦੇ ਕਰੀਬ 14 ਹਜ਼ਾਰ ਕਰੋੜ ਰੁਪਏ ਲੈ ਕੇ ਭੱਜਣ ਦਾ ਆਰੋਪ ਹੈ।