ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੋਰੋਨਾਵਾਇਰਸ ਕਾਰਨ ਲੱਗੇ ਕਰਫ਼ਿਊ ਦੌਰਾਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜਾਈ ਪ੍ਰਤੀ ਚਿੰਤਾ ਜ਼ਾਹਿਰ ਕੀਤੀ ਹੈ। ਇਸ ਦੇ ਲਈ ਉਨ੍ਹਾਂ ਨੇ ਕਾਂਗਰਸ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸਿੱਖਿਆ ਵਿਭਾਗ ਵੱਲੋਂ ਮੁਹੱਈਆ ਕੀਤੀਆਂ ਜਾਂਦੀਆਂ ਕਿਤਾਬਾਂ ਹਰੇਕ ਵਿਦਿਆਰਥੀ ਦੇ ਘਰ ਪਹੁੰਚਾਉਣ ਦਾ ਬੰਦੋਬਸਤ ਕੀਤਾ ਜਾਵੇ।

'ਆਪ' ਵੱਲੋਂ ਜਾਰੀ ਬਿਆਨ ‘ਚ ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਸੰਸਦ ਮੈਂਬਰ ਪ੍ਰੋ.ਸਾਧੂ ਸਿੰਘ, ਨੇਤਾ ਸਰਬਜੀਤ ਕੌਰ ਮਾਣੂੰਕੇ ਤੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਸਾਲ 2020-21 ਦਾ ਨਵਾਂ ਵਿੱਦਿਅਕ ਸੈਸ਼ਨ 1 ਅਪਰੈਲ 2020 ਤੋਂ ਸ਼ੁਰੂ ਹੋ ਚੁੱਕਿਆ ਹੈ। ਪਰੰਤੂ ਲੌਕਡਾਊਨ ਕਾਰਨ ਵਿਦਿਆਰਥੀਆਂ ਖ਼ਾਸ ਕਰਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜਾਈ ਦਾ ਭਾਰੀ ਨੁਕਸਾਨ ਹੋ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਸਾਲ 2020-21 ਲਈ ਸਿੱਖਿਆ ਵਿਭਾਗ ਨੇ ਜੋ ਕਿਤਾਬਾਂ ਛਪਵਾਈਆਂ ਹਨ, ਉਨ੍ਹਾਂ ਨੂੰ ਸਬੰਧਿਤ ਵਿਦਿਆਰਥੀਆਂ ਦੇ ਘਰ 'ਹੋਮ ਡਿਲਿਵਰੀ' ਤੁਰੰਤ ਕੀਤੀ ਜਾਵੇ, ਤਾਂ ਜੋ ਦਲਿਤਾਂ, ਗ਼ਰੀਬਾਂ ਅਤੇ ਆਮ ਪੇਂਡੂ ਪਰਿਵਾਰਾਂ ਨਾਲ ਸਬੰਧਿਤ ਵਿਦਿਆਰਥੀ ਘਰ ਬੈਠੇ-ਬੈਠੇ ਹੀ ਪੜਾਈ ਨਾਲ ਜੁੜ ਜਾਣ।

ਸਰਬਜੀਤ ਕੌਰ ਨੇ ਕਿਹਾ ਕਿ ਜ਼ਿਆਦਾਤਰ ਨਿੱਜੀ ਸਕੂਲਾਂ ਨੇ ਆਪਣੇ ਵਿਦਿਆਰਥੀਆਂ ਨੂੰ ਈ-ਮੇਲਜ਼ ਅਤੇ ਸਮਾਰਟ ਫੋਨਾਂ ਰਾਹੀਂ ਆਨਲਾਇਨ ਸਿਲੇਬਸ ਭੇਜ ਦਿੱਤਾ ਹੈ। ਪਰ ਸਰਕਾਰੀ ਸਕੂਲਾਂ ਦੇ ਵੱਡੀ ਗਿਣਤੀ 'ਚ ਵਿਦਿਆਰਥੀਆਂ ਦੇ ਪਰਿਵਾਰਾਂ ਕੋਲ ਸਮਾਰਟ ਫ਼ੋਨ ਹੀ ਨਹੀਂ ਹਨ, ਜਿੰਨਾ 'ਤੇ ਵ੍ਹੱਟਸਐਪ, ਈ-ਮੇਲਜ਼ ਦੀ ਸੁਵਿਧਾ ਰਾਹੀਂ ਆਨਲਾਈਨ ਸਿਲੇਬਸ ਭੇਜਿਆ ਜਾ ਸਕੇ। ਇਸ ਲਈ ਕਿਤਾਬਾਂ ਦੀ ਹੋਮ ਡਿਲਿਵਰੀ ਹੀ ਇੱਕੋ-ਇੱਕ ਸਾਰਥਿਕ ਹੱਲ ਹੈ।

Education Loan Information:

Calculate Education Loan EMI