ਚੰਡੀਗੜ੍ਹ: ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਇੱਥੇ ਪੰਜਾਬ ਭਵਨ ਵਿੱਚ ‘ਅੰਬੈਸਡਰ ਆਫ਼ ਹੋਪ’ ਪ੍ਰੋਗਰਾਮ ਦੇ ਪੰਜ ਜ਼ਿਲ੍ਹਿਆਂ ਦੇ ਜੇਤੂਆਂ ਦਾ ਐਪਲ ਆਈਪੈਡ, ਲੈਪਟਾਪ ਤੇ ਐਂਡਰਾਇਡ ਟੈਬਲੈੱਟ ਨਾਲ ਸਨਮਾਨ ਕੀਤਾ।


ਕੋਵਿਡ-19 ਦੀ ਮਹਾਂਮਾਰੀ ਕਾਰਨ ਹੋਏ ਸੰਖੇਪ ਸਮਾਰੋਹ ਦੌਰਾਨ ਸਕੂਲ ਸਿੱਖਿਆ ਮੰਤਰੀ ਨੇ ਜ਼ਿਲ੍ਹਾ ਹੁਸ਼ਿਆਰਪੁਰ, ਫ਼ਤਹਿਗੜ੍ਹ ਸਾਹਿਬ, ਸ਼ਹੀਦ ਭਗਤ ਸਿੰਘ ਨਗਰ, ਰੂਪਨਗਰ ਤੇ ਐਸਏਐਸ ਨਗਰ ਦੇ 15 ਪਹਿਲੇ, ਦੂਜੇ ਤੇ ਤੀਜੇ ਇਨਾਮ ਜੇਤੂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਹੋਰ ਮੱਲਾਂ ਮਾਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਕੋਵਿਡ-19 ਕਾਰਨ ਨਾਂਹਪੱਖੀ ਮਾਹੌਲ ਵਿੱਚ ਵਿਦਿਆਰਥੀਆਂ ਨੂੰ ਹਾਂ-ਪੱਖੀ ਗਤੀਵਿਧੀਆਂ ਵਿੱਚ ਮਸਰੂਫ਼ ਰੱਖਣ ਦੇ ਮੰਤਵ ਨਾਲ ਸ਼ੁਰੂ ਕੀਤੇ ‘ਅੰਬੈਸਡਰ ਆਫ਼ ਹੋਪ’ ਪ੍ਰੋਗਰਾਮ ਨੇ ਆਪਣਾ ਉਦੇਸ਼ ਪੂਰਾ ਕੀਤਾ ਹੈ।




ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ 10 ਜ਼ਿਲ੍ਹਿਆਂ ਦੇ ਬੱਚਿਆਂ ਨੂੰ ਵੀ ਜਲਦੀ ਅਜਿਹੇ ਸੰਖੇਪ ਸਮਾਰੋਹ ਕਰਵਾ ਕੇ ਸਨਮਾਨਤ ਕੀਤਾ ਜਾਵੇਗਾ। ਹੋਰ ਵੇਰਵੇ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ‘ਅੰਬੈਸਡਰ ਆਫ਼ ਹੋਪ’ ਪ੍ਰੋਗਰਾਮ ਦੌਰਾਨ 1,05,898 ਸਕੂਲੀ ਬੱਚਿਆਂ ਨੇ ਆਪਣੀਆਂ ਵੀਡੀਓਜ਼ ਭੇਜੀਆਂ, ਜਿਨ੍ਹਾਂ ਤੋਂ ਉਨ੍ਹਾਂ ਦੀ ਸਿਰਜਣਾਤਮਕ ਤਾਕਤ ਦਾ ਪਤਾ ਚੱਲਿਆ।


ਕੈਬਨਿਟ ਮੰਤਰੀ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦਾ ਖ਼ਤਰਾ ਦਿਨ-ਬ-ਦਿਨ ਵਧ ਰਿਹਾ ਹੈ, ਇਸ ਲਈ ਜੇਤੂਆਂ ਦਾ ਸਨਮਾਨ ਪੜਾਅਵਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੰਗਰੂਰ ਵਿਖੇ ਆਜ਼ਾਦੀ ਸਮਾਗਮ ਦੌਰਾਨ 7 ਜ਼ਿਲ੍ਹਿਆਂ ਬਰਨਾਲਾ, ਬਠਿੰਡਾ, ਫ਼ਰੀਦਕੋਟ, ਮਾਨਸਾ, ਸੰਗਰੂਰ ਤੇ ਸ੍ਰੀ ਮੁਕਤਸਰ ਸਾਹਿਬ ਦੇ ਜੇਤੂਆਂ ਬੱਚਿਆਂ ਨੂੰ ਐਪਲ ਆਈਪੈਡ, ਲੈਪਟਾਪ ਤੇ ਐਂਡਰਾਇਡ ਟੈਬਲੈੱਟ ਦਿੱਤੇ ਗਏ ਸਨ, ਜਦੋਂਕਿ ਪੰਜ ਜ਼ਿਲ੍ਹਿਆਂ ਦੇ ਬੱਚਿਆਂ ਦਾ ਅੱਜ ਸਨਮਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ 10 ਜ਼ਿਲ੍ਹਿਆਂ ਦੇ ਬੱਚਿਆਂ ਨੂੰ ਵੀ ਜਲਦੀ ਅਜਿਹੇ ਸੰਖੇਪ ਸਮਾਰੋਹ ਕਰਵਾ ਕੇ ਸਨਮਾਨਤ ਕੀਤਾ ਜਾਵੇਗਾ।