ਸ਼ੰਕਰ ਦਾਸ ਦੀ ਰਿਪੋਰਟ


ਚੰਡੀਗੜ੍ਹ: ਹਰਿਆਣਾ 'ਚ ਸੈਕੰਡਰੀ ਸਿੱਖਿਆ ਬੋਰਡ ਵੱਲੋਂ ਤਿਆਰ ਕੀਤੀ ਗਈ 9ਵੀਂ ਜਮਾਤ ਦੀ ਇਤਿਹਾਸ ਦੀ ਨਵੀਂ ਕਿਤਾਬ ਨੇ 1947 ਦੀ ਭਾਰਤ ਵੰਡ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਕਾਂਗਰਸ ਨੇ ਲਗਾਤਾਰ 9ਵੀਂ ਜਮਾਤ ਦੇ ਸਿਲੇਬਸ 'ਚ ਬਦਲਾਅ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।

ਕਰਨਾਲ ਤੋਂ ਕਾਂਗਰਸੀ ਵਿਧਾਇਕ ਸ਼ਮਸ਼ੇਰ ਸਿੰਘ ਗੋਗੀ ਨੇ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਾਰਤ ਸਰਕਾਰ ਤੇ ਹਰਿਆਣਾ ਸਰਕਾਰ ਨੇ ਇਤਿਹਾਸ ਨਾਲ ਛੇੜਛਾੜ ਕਰਦਿਆਂ ਆਪਣਾ ਕੋਝਾ ਸੱਚ ਪੇਸ਼ ਕਰਕੇ ਇਤਿਹਾਸ ਨੂੰ ਤੋੜ ਮਰੋੜ ਕੇ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਉਨ੍ਹਾਂ ਦੀ ਸੋਚ ਦਾ ਪਤਾ ਲੱਗਦਾ ਹੈ ਕਿ ਉਹ ਦੇਸ਼ ਪ੍ਰਤੀ ਕਿੰਨੇ ਵਫ਼ਾਦਾਰ ਹਨ।

ਉਨ੍ਹਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਗੱਦਾਰ ਲੋਕ ਜੋ ਦੇਸ਼ ਦੀ ਆਜ਼ਾਦੀ ਵੇਲੇ ਅੰਗਰੇਜ਼ਾਂ ਨਾਲ ਮਿਲੇ ਹੋਏ ਸੀ, ਉਨ੍ਹਾਂ ਨੂੰ ਹੀਰੋ ਬਣਾ ਕੇ ਆਪਣੇ ਹਿੱਤਾਂ ਦੀ ਪੂਰਤੀ ਲਈ ਅੱਗੇ ਕਰ ਰਹੇ ਹਨ। ਕੁਝ ਅਜਿਹੇ ਤੱਥ ਸਾਹਮਣੇ ਲਿਆ ਰਹੇ ਹਨ, ਜਿਨ੍ਹਾਂ ਦਾ ਇਤਿਹਾਸ ਨਾਲ ਕੋਈ ਲੈਣਾ-ਦੇਣਾ ਨਹੀਂ। ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨਾ ਦੇਸ਼ਧ੍ਰੋਹ ਹੈ। ਇਤਿਹਾਸ ਆਪਣੇ ਆਪ ਨੂੰ ਖ਼ੁਦ ਲਿਖਦਾ ਹੈ, ਇਤਿਹਾਸ ਬਦਲ ਨਹੀਂ ਸਕਦਾ।

ਉਨ੍ਹਾਂ ਨੇ ਕਿਹਾ ਕਿ ਜੇਕਰ ਮਹਾਤਮਾ ਗਾਂਧੀ ਦੀ ਜਗ੍ਹਾ ਕੋਈ ਹੋਰ ਵਿਅਕਤੀ ਜੋ ਅੰਗਰੇਜ਼ਾਂ ਦਾ ਦਲਾਲ ਸੀ, ਉਸ ਦਾ ਨਾਂ ਲਿਖਣ ਦੀ ਕੋਸ਼ਿਸ਼ ਕਰਨਗੇ ਤਾਂ ਜਨਤਾ ਮੁਆਫ ਨਹੀਂ ਕਰੇਗੀ ਕਿਉਂਕਿ ਪੂਰੀ ਦੁਨੀਆ ਜਾਣਦੀ ਹੈ ਕਿ ਆਜ਼ਾਦੀ ਸੰਗਰਾਮ ਵਿੱਚ ਕਿਸ ਨੇ ਕੁਰਬਾਨੀਆਂ ਦਿੱਤੀਆਂ, ਕੀ ਸ਼ਹੀਦ ਭਗਤ ਸਿੰਘ, ਚੰਦਰਸ਼ੇਖਰ ਨੂੰ ਜਨਤਾ ਭੁੱਲ ਜਾਵੇਗੀ।

ਉਧਰ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਤਿਹਾਸ ਦੀ ਨਵੀਂ ਕਿਤਾਬ 20 ਮਈ ਤੋਂ ਉਪਲਬਧ ਹੋਵੇਗੀ। ਦੂਜੀਆਂ ਜਮਾਤਾਂ ਦੀਆਂ ਇਤਿਹਾਸ ਦੀਆਂ ਕਿਤਾਬਾਂ ਨੂੰ ਵੀ 'ਅਪਡੇਟ' ਕੀਤਾ ਗਿਆ ਹੈ। 9ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਦਾ ਦੂਜਾ ਅਧਿਆਏ ਭਾਰਤ ਦੀ ਵੰਡ ਦੇ ਕਾਰਨਾਂ ਦਾ ਵੇਰਵਾ ਦਿੰਦਾ ਹੈ। ਇਸ ਵਿੱਚ ਇਹ ਵੰਡ ਲਈ ਕਾਂਗਰਸ ਪਾਰਟੀ ਦੀ "ਸੱਤਾ ਦੇ ਲਾਲਚ ਤੇ ਤੁਸ਼ਟੀਕਰਨ ਦੀ ਰਾਜਨੀਤੀ" ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਕਿਤਾਬ ਵਿੱਚ ਕਿਹਾ ਗਿਆ ਹੈ ਕਿ 1940 ਦੇ ਦਹਾਕੇ ਵਿੱਚ ਕਾਂਗਰਸ ਦੇ ਨੇਤਾ "ਥੱਕੇ ਹੋਏ" ਸਨ ਤੇ ਆਜ਼ਾਦੀ ਦੀ ਲੜਾਈ ਜਾਰੀ ਰੱਖਣ ਲਈ ਤਿਆਰ ਨਹੀਂ ਸਨ। ਕਿਤਾਬ ਵਿੱਚ ਲਿਖਿਆ ਗਿਆ ਕਿ "ਕੁਝ ਕਾਂਗਰਸੀ ਆਗੂ ਕਿਸੇ ਵੀ ਕੀਮਤ 'ਤੇ ਸੱਤਾ ਦਾ ਆਨੰਦ ਲੈਣ ਲਈ ਆਪਣੀ ਉਤਸੁਕਤਾ ਵਿੱਚ ਜਿੰਨੀ ਜਲਦੀ ਹੋ ਸਕੇ ਆਜ਼ਾਦੀ ਚਾਹੁੰਦੇ ਸਨ।

 ਜਦੋਂ ਤੋਂ ਇਹ ਕਿਤਾਬ ਆਨਲਾਈਨ ਅਪਲੋਡ ਕੀਤੀ ਗਈ ਹੈ, ਸੂਬੇ ਦੇ ਕਾਂਗਰਸੀ ਆਗੂ ਇਸ ਦਾ ਵਿਰੋਧ ਕਰ ਰਹੇ ਹਨ। ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਇਹ ਭਾਜਪਾ ਵੱਲੋਂ ਸਿੱਖਿਆ ਦਾ 'ਰਾਜਨੀਤੀਕਰਨ' ਕਰਨ ਦੀ ਸਪੱਸ਼ਟ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਤਿਹਾਸ ਨੂੰ ਭਗਵਾ ਕਰਨ ਤੇ ਨੌਜਵਾਨਾਂ ਨੂੰ ਬ੍ਰੇਨਵਾਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ ਸੁਤੰਤਰਤਾ ਸੰਗਰਾਮ ਵਿੱਚ ਕਾਂਗਰਸ ਦੇ ਯੋਗਦਾਨ ਦੀ ਅਸਲੀਅਤ ਹਰ ਕੋਈ ਜਾਣਦਾ ਹੈ। ਉਨ੍ਹਾਂ ਕਿਹਾ ਇਤਿਹਾਸ ਇਸ ਤਰ੍ਹਾਂ ਨਹੀਂ ਬਦਲਦਾ, ਉਹ ਸਫਲ ਨਹੀਂ ਹੋਣਗੇ।

ਹਰਿਆਣਾ ਸੈਕੰਡਰੀ ਸਿੱਖਿਆ ਬੋਰਡ ਦੇ ਚੇਅਰਮੈਨ ਡਾਕਟਰ ਜਗਬੀਰ ਸਿੰਘ ਨੇ ਵਿਰੋਧੀ ਧਿਰ ਦੇ ਇਨ੍ਹਾਂ ਦੋਸ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਨਵੀਂ ਕਿਤਾਬ ਵਿੱਚ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਨਵੀਆਂ ਕਿਤਾਬਾਂ ਦੀ ਸਮੱਗਰੀ "ਇਤਿਹਾਸ ਵਿੱਚ ਉਪਲਬਧ ਰਿਕਾਰਡਾਂ" 'ਤੇ ਅਧਾਰਤ ਸੀ। ਉਨ੍ਹਾਂ ਅੱਗੇ ਦੱਸਿਆ ਕਿ ਨਵੇਂ ਸੈਸ਼ਨ ਤੋਂ 6ਵੀਂ ਤੋਂ 10ਵੀਂ ਜਮਾਤ ਲਈ ਇਤਿਹਾਸ ਦੀਆਂ ਨਵੀਆਂ ਕਿਤਾਬਾਂ ਦੀਆਂ 10 ਲੱਖ ਤੋਂ ਵੱਧ ਕਾਪੀਆਂ ਵੰਡੀਆਂ ਜਾਣਗੀਆਂ। 

Education Loan Information:

Calculate Education Loan EMI