ਚੰਡੀਗੜ੍ਹ: ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਨੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਬਦਲੀ ਨੀਤੀ ਦੌਰਾਨ ਮਨਮਰਜ਼ੀ ਕਰਦਿਆਂ ਧੱਕੇਸ਼ਾਹੀ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਸਾਰੇ ਲੋੜਵੰਦ ਅਧਿਆਪਕਾਂ, ਸਮੇਤ ਘਰਾਂ ਤੋਂ ਸੈਂਕੜੇ ਕਿਲੋਮੀਟਰ ਦੂਰ ਡਿਊਟੀ ਨਿਭਾਉਣ ਵਾਲੇ 6060 ਮਾਸਟਰ ਕਾਡਰ ਸਮੇਤ ਬਾਰਡਰ ਅਤੇ ਨਾਨ ਬਾਰਡਰ ਏਰੀਏ ਵਿੱਚ ਪੜ੍ਹਾਉਂਦੇ ਸਮੂਹ ਅਧਿਆਪਕਾਂ ਨੂੰ ਬਦਲੀਆਂ ਵਿਚ ਬਿਨਾਂ ਸ਼ਰਤ ਵਿਸ਼ੇਸ਼ ਮੌਕਾ ਦੇਣ ਅਤੇ ਬਦਲੀਆਂ ਦੇ ਪਹਿਲੇ ਅਤੇ ਦੂਜੇ ਗੇੜ ਵਿੱਚ ਵਿਭਾਗੀ ਹਦਾਇਤਾਂ ਅਨੁਸਾਰ ਬਦਲੀ ਰੱਦ ਕਰਵਾਉਣ ਵਾਲਿਆਂ ਨੂੰ ਬਦਲੀ ਨੀਤੀ ਤੋਂ ਉਲਟ ਜਾ ਕੇ ਡੀਬਾਰ ਕਰਨ ਦੀ ਥਾਂ ਦੁਬਾਰਾ ਮੌਕਾ ਦੇਣ ਦੀ ਮੰਗ ਕੀਤੀ ਹੈ।


ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਕਿਹਾ ਕਿ ਅਧਿਆਪਕ ਜਥੇਬੰਦੀਆਂ ਵੱਲੋਂ ਲੰਬੇ ਸਮੇਂ ਤੋਂ ਬਦਲੀ ਨੀਤੀ ਵਿੱਚ ਲੋੜੀਂਦੀ ਤਬਦੀਲੀ ਕਰਨ ਦੀ ਕੀਤੀ ਜਾ ਰਹੀ ਮੰਗ ਨੂੰ ਪੂਰਾ ਕਰਨ ਦੀ ਥਾਂ, ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਵੱਲੋਂ ਬਦਲੀ ਨੀਤੀ ਨੂੰ ਲਾਂਭੇ ਕਰਕੇ ਮਨਮਰਜੀ ਭਰੇ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ।


ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਸਾਲ 2019 ਦੌਰਾਨ ਬਦਲੀ ਨੀਤੀ ਤਹਿਤ ਬਦਲੀ ਕਰਵਾ ਕੇ ਆਏ ਅਧਿਆਪਕਾਂ ਨੂੰ 2021-22 ਵਿੱਚ ਹੁਣ ਤੱਕ ਦੀਆਂ ਬਦਲੀਆਂ ਵਿਚ ਮੌਕਾ ਨਹੀਂ ਦਿੱਤਾ ਗਿਆ। ਸਾਲ 2019 ਦੌਰਾਨ ਬਦਲੀਆਂ ਲਾਗੂ ਕਰਨ ਵਿੱਚ ਵਿਭਾਗ ਦੀ ਦੇਰੀ ਤੋਂ ਬਾਅਦ ਹੁਣ ਸਾਲ 2021 ਵਿੱਚ ਉਨ੍ਹਾਂ ਅਧਿਆਪਕਾਂ ਦੇ ਦੋ ਸਾਲ ਪੂਰੇ ਨਾ ਹੋਣ ਦਾ ਬਹਾਨਾ ਬਣਾ ਕੇ ਉਨ੍ਹਾਂ ਤੋਂ ਬਦਲੀ ਕਰਵਾਉਣ ਦਾ ਮੌਕਾ ਖੋਹ ਲਿਆ ਗਿਆ ਹੈ।


ਸਿੱਖਿਆ ਸਕੱਤਰ ਵੱਲੋਂ ਹੁਣ ਇਸ ਨੀਤੀ ਦੇ ਉਲਟ, ਅਧਿਆਪਕਾਂ ਵਿੱਚ ਫੁੱਟ ਪਾਉਣ ਦੀ ਮਨਸ਼ਾ ਤਹਿਤ ਦੋ ਮਹੀਨੇ ਪਹਿਲਾਂ ਭਰਤੀ ਹੋਏ ਅਧਿਆਪਕਾਂ ਨੂੰ ਵਿਸ਼ੇਸ਼ ਮੌਕਾ ਦਿੱਤਾ ਜਾ ਰਿਹਾ ਹੈ, ਜਦਕਿ 6060 ਮਾਸਟਰ ਕਾਡਰ, 664 ਲੈਕਚਰਾਰ ਕਾਡਰ ਸਮੇਤ ਪਹਿਲੇ ਅਤੇ ਦੂਜੇ ਗੇੜ ਦੌਰਾਨ ਵਿਭਾਗ ਵਲੋਂ ਦਿੱਤੀ ਆਪਸ਼ਨ ਤਹਿਤ ਬਦਲੀ ਰੱਦ ਕਰਵਾਉਣ ਵਾਲੇ ਅਤੇ ਕਈ ਹੋਰ ਭਰਤੀਆਂ ਅਧੀਨ ਬਹੁਤ ਸਾਰੇ ਨਵ-ਨਿਯੁਕਤ ਅਧਿਆਪਕ ਜੋ ਕਿ ਬਾਰਡਰ ਏਰੀਏ ਵਿਚ ਕੰਮ ਕਰਦੇ ਸਨ, ਉਹਨਾਂ ਨੂੰ ਘਰਾਂ ਤੋਂ ਬਹੁਤ ਦੂਰ ਬੈਠੇ ਹੋਣ ਦੇ ਬਾਵਜੂਦ ਧੱਕੇਸ਼ਾਹੀ ਅਤੇ ਮਨਮਰਜ਼ੀ ਕਰਦਿਆਂ ਬਦਲੀ ਦਾ ਮੌਕਾ ਨਹੀਂ ਦਿੱਤਾ ਗਿਆ ਹੈ।


ਡੀ ਟੀ ਐੱਫ ਨੇ ਇਨ੍ਹਾਂ ਸਮੂਹ ਕਾਡਰਾਂ ਦੇ ਅਧਿਆਪਕਾਂ ਨੂੰ ਵੀ ਨਵ-ਨਿਯੁਕਤ ਅਧਿਆਪਕਾਂ ਦੀ ਤਰਜ਼ 'ਤੇ ਬਦਲੀ ਪ੍ਰਕਿਰਿਆ ਦੌਰਾਨ ਮੌਕਾ ਦੇਣ ਦੀ ਪੁਰਜ਼ੋਰ ਮੰਗ ਕੀਤੀ। 


Education Loan Information:

Calculate Education Loan EMI